ਰੇਜ਼ ਦਾ ਰੇਟਸ ਵੈੱਲਫੇਅਰ ਚੈਲੰਜ
ਬਾਰੇ
ਐੱਮ. ਐੱਲ. ਏ ਜਗਰੂਪ ਬਰਾੜ
ਵੱਲੋਂ
ਕੀਤੀ ਗਈ
ਤਕਰੀਰ
     25 ਮਈ, 2011 ਨੂੰ ਮੈਨੂੰ ਰੇਜ਼ ਦਾ ਰੇਟਸ ਨਾਮੀ ਸੰਸਥਾ ਵੱਲੋਂ ਇਕ ਬਹੁਤ ਹੀ ਵਿਚਾਰ ਉਕਸਾਊ ਚਿੱਠੀ ਆਈ। ਇਹ ਸੰਸਥਾ ਪੂਰੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਗ਼ਰੀਬੀ, ਨਾਬਰਾਬਰੀ ਦੇ ਨਾਲ-ਨਾਲ ਬੇਘਰੇ ਹੋਣ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ।
     ਇਸ ਚਿੱਠੀ ਰਾਹੀਂ ਵੰਗਾਰ ਭਰੇ ਸੁਰ ਵਿਚ ਇਹ ਕਿਹਾ ਹੋਇਆ ਸੀ ਕਿ ਹੈ ਕੋਈ ਇਹੋ ਜਿਹਾ ਐੱਮ. ਐੱਲ. ਏ., ਜਿਹੜਾ ਵੈੱਲਫੇਅਰ ਦੇ ਨਾਂ ’ਤੇ ਮਿਲਦੀ ਮਾਲੀ ਸਹਾਇਤਾ ਨਾਲ ਗੁਜ਼ਾਰਾ ਕਰ ਕੇ ਇਕ ਮਹੀਨਾ, ਵੈੱਲਫੇਅਰ ’ਤੇ ਗੁਜ਼ਾਰਾ ਕਰਨ ’ਚ ਹੁੰਦਾ ਦਰਦ ਆਪਣੇ ਪਿੰਡੇ ’ਤੇ ਸਹਿ ਕੇ ਦਿਖਾਵੇ?
     ਆਪਣੇ ਪਰਿਵਾਰ, ਹਮਾਇਤੀਆਂ ਅਤੇ ਸਾਥੀ ਵਿਦਾਇਕਾਂ ਨਾਲ ਡੂੰਘਾ ਵਿਚਾਰ ਕਰਨ ਮਗਰੋਂ ਮੈਂ ਉਨ੍ਹਾਂ ਸਾਰਿਆਂ ਦੀ ਹਮਾਇਤ ਨਾਲ ਵੈੱਲਫੇਅਰ ਦੀ ਇਹ ਵੰਗਾਰ ਕਬੂਲਣ ਦਾ ਇਰਾਦਾ ਕੀਤਾ ਤੇ ਇਹ ਫੈਸਲਾ ਕੀਤਾ ਕਿ ਮੈਂ ਬੀ. ਸੀ. ਵਿਚ ਵੈੱਲਫੇਅਰ ’ਤੇ ਗੁਜ਼ਾਰਾ ਕਰਦੇ 90,000 ਤੋਂ ਵੱਧ ਲੋਕਾਂ ਤੇ ਪਰਿਵਾਰਾਂ ਦੇ ਦੁੱਖ-ਦਰਦ ਆਪਣੇ ਪਿੰਡੇ ਉੱਤੇ ਸਹਿ ਕੇ, ਇਹ ਅਨੁਭਵ ਕਰਾਂਗਾ ਕਿ ਉਹ ਕਿੱਦਾਂ ਦਿਨ ਕੱਟਦੇ ਹਨ।
      ਮੈਂ ਅਗਲੇ ਸਾਲ (2012) ਪਹਿਲੀ ਜਨਵਰੀ ਤੋਂ ਇਕ ਮਹੀਨੇ ਲਈ ਸੂਬਾਈ ਸਰਕਾਰ ਵੱਲੋਂ ਦਿੱਤੀ ਜਾਂਦੀ ਮਾਲੀ ਸਹਾਇਤਾ ਨਾਲ ਗੁਜ਼ਾਰਾ ਕਰਨਾ ਸ਼ੁਰੂ ਕਰਾਂਗਾ।
ਪਿਛਲੇ ਲੰਬੇ ਅਰਸੇ ਦੌਰਾਨ ਮੈਂ ਗ਼ਰੀਬੀ ਅਤੇ ਵੈੱਲਫੇਅਰ ਸਹਾਇਤਾ ਨਾਲ ਸਬੰਧਤ ਮੁੱਦਿਆਂ ਬਾਰੇ ਸਮਾਜਕ ਕਾਰਕੁਨਾਂ ਨਾਲ ਮਿਲ ਬੈਠ ਕੇ ਵਿਚਾਰ-ਵਟਾਂਦਰਾ ਕਰਦਾ ਰਿਹਾ ਹਾਂ।
      ਮੈਨੂੰ ਵੈੱਲਫੇਅਰ ਦੇ ਸਹਾਰੇ ਦਿਨ-ਕਟੀ ਕਰਦੇ ਲੋਕਾਂ ਵੱਲੋਂ ਬੇਸ਼ੁਮਾਰ ਚਿੱਠੀਆਂ ਆਈਆਂ, ਜਿਨ੍ਹਾਂ ਵਿਚ ਉਨ੍ਹਾਂ ਵੱਲੋਂ ਗ਼ਰੀਬੀ ਵਿਚ ਜੂਨ-ਗੁਜ਼ਾਰਾ ਕਰਨ ਦੀਆਂ ਹੌਲਨਾਕ ਦਾਸਤਾਨਾਂ ਬਿਆਨੀਆਂ ਹੁੰਦੀਆਂ ਸਨ।
      ਗ਼ਰੀਬੀ ਕਿਸ ਤਰ੍ਹਾਂ ਸਾਡੇ ਸਮਾਜਕ ਤੇ ਮਾਲੀ ਤਾਣੇ-ਬਾਣੇ ਨੂੰ ਤਾਰ-ਤਾਰ ਕਰਦੀ ਹੈ, ਇਹ ਜਾਨਣ ਲਈ ਇਹ ਤਜਰਬਾ ਕਰ ਕੇ ਮੈਂ ਆਪਣੇ ਅਨੁਭਵ ਤੇ ਸੋਚ ਨੂੰ ਸਾਣ ’ਤੇ ਲਾਉਣ ਦਾ ਹੀਲਾ ਕਰਨਾ ਚਾਹੁੰਦਾ ਹਾਂ।
      1986 ਵਿਚ ਵੈਨਕੂਵਰ ਸੈਂਟਰ ਤੋਂ ਉਸ ਵੇਲ਼ੇ ਦੇ ਨਿਊ ਡੈਮੋਕ੍ਰੇਟ ਐੱਮ. ਐੱਲ. ਏ. ਏਮਿਰੀ ਬਾਰਨਜ਼ ਨੇ ਇਹੋ ਜਿਹੀ ਵੰਗਾਰ ਕਬੂਲੀ ਸੀ। ਉਨ੍ਹਾਂ ਨੇ ਵੈਨਕੂਵਰ ਦੇ ਪੂਰਬੀ ਇਲਾਕੇ ਵਿਚ ਗ਼ਰੀਬੀ ਰੇਖਾ ਤੋਂ ਹੇਠਾਂ ਜ਼ਿੰਦਗ਼ੀ ਬਸਰ ਕਰਦੇ ਲੋਕਾਂ ਲਈ ਮਿੱਥੀ ਹੋਈ ਵੈੱਲਫੇਅਰ ਦੀ ਰਕਮ ਦੇ ਸਹਾਰੇ ਚਾਰ ਹਫ਼ਤੇ ਰਹਿ ਕੇ ਦਿਖਾਇਆ ਸੀ।
        ਏਮਿਰੀ ਬਾਰਨਜ਼ ਨੇ 25 ਵਰ੍ਹੇ ਪਹਿਲਾਂ ਸਾਢੇ ਤਿੰਨ ਸੌ ਡਾਲਰ ($350/-) ਨਾਲ ਇਕ ਮਹੀਨਾ ਕੱਟਣ ਦਾ ਤਜਰਬਾ ਹੰਢਾਇਆ ਸੀ। ਹੁਣ ਮੈਨੂੰ ਛੇ ਸੌ ਦਸ ਡਾਲਰ ($610/-), ਜੋ ਕੰਮ ਦੀ ਭਾਲ ਕਰਦੇ ਕਿਸੇ ਬੇਰੁਜ਼ਗ਼ਾਰ ਦੇ ਗੁਜ਼ਾਰੇ ਲਈ ਕਾਫੀ ਮੰਨੇ ਜਾਂਦੇ ਹਨ, ਨਾਲ ਇਕ ਮਹੀਨਾ ਰਹਿਣ ਲਈ ਥਾਂ ਲੱਭਣੀ ਪਵੇਗੀ ਤੇ ਢਿੱਡ ਭਰਨ ਦੇ ਨਾਲ-ਨਾਲ ਹੋਰ ਖ਼ਰਚੇ ਕਰਨੇ ਪੈਣਗੇ।
       ਇਸ ਇਕ ਮਹੀਨੇ ਦੌਰਾਨ, ਮੈਂ ਗ਼ਰੀਬਾਂ ਨੂੰ ਤੇ ਵੈੱਲਫੇਅਰ ਨਾਲ ਗੁਜ਼ਾਰਾ ਕਰਨ ਵਾਲ਼ੇ ਲੋਕਾਂ ਨੂੰ ਮਿਲਾਂਗਾ ਤੇ ਉਨ੍ਹਾਂ ਦੀਆਂ ਦਰਦ ਭਰੀਆਂ ਦਾਸਤਾਨਾਂ ਸੁਣ ਕੇ, ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨਾਲ ਸਾਂਝੀਆਂ ਕਰਾਂਗਾ।
      ਭਾਵੇਂ ਮਾਪਿਆਂ ਨੇ ਮੇਰਾ ਨਾਂ ‘ਜਗਰੂਪ’ ਰੱਖਿਆ ਹੈ, ਪਰ ਮੈਂ ਮਹਿਸੂਸ ਕੀਤਾ ਹੈ ਕਿ ਅੱਜ ਦੇ ਮਹਿੰਗਾਈ ਭਰੇ ਦੌਰ ਵਿਚ ਮੈਂ ਗ਼ਰੀਬਾਂ ਨਾਲ ਰਹਿ ਕੇ, ਉਨ੍ਹਾਂ ਨਾਲ ਗੁਜ਼ਰ-ਬਸਰ ਕਰ ਕੇ, ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਨਿੱਜੀ ਤਜਰਬਾ ਹਾਸਲ ਕਰ ਕੇ ‘ਜਾਗਰੂਕ’ ਵੀ ਹੋਵਾਂ।
     ਦੋ ਜੁਆਨ ਬੱਚਿਆਂ ਦਾ ਬਾਪ ਹੁੰਦਿਆਂ, ਮੇਰੇ ਲਈ ਇਹ ਕਲਪਨਾ ਕਰਨਾ ਵੀ ਔਖਾ ਹੈ ਕਿ ਸਾਡੇ ਇਸ ਅਮੀਰ ਸੂਬੇ ਵਿਚ 1,37,000 ਬੱਚੇ ਇਹੋ ਜਿਹੇ ਵੀ ਹਨ, ਜੋ ਭੁੱਖ-ਨੰਗ ਨਾਲ ਘੁਲ਼ਦੇ ਹਨ।
      ਮੇਰੇ ਲਈ ਇਹ ਸੋਚਣਾ ਵੀ ਬਹੁਤ ਔਖਾ ਹੈ ਕਿ ਪਿਛਲੇ ਸਾਲ ਬੀ. ਸੀ. ਦੇ 90,000 ਲੋਕਾਂ ਨੂੰ ਫੂਡ ਬੈਂਕ ਤੋਂ ਖਾਣਾ ਲੈ ਕੇ ਆਪਣੇ ਢਿੱਡ ਭਰਨੇ ਪਏ ਤੇ ਇਨ੍ਹਾਂ ਵਿਚੋਂ ਤੀਜਾ ਹਿੱਸਾ ਬੱਚੇ ਸਨ।
      ਮੈਨੂੰ ਇਸ ਗੱਲ ’ਤੇ ਵੀ ਯਕੀਨ ਨਹੀਂ ਆਉਂਦਾ ਕਿ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਬਾਕੀ ਲੋਕਾਂ ਵਿਚ ਗ਼ਰੀਬੀ-ਅਮੀਰੀ ਦਾ ਪਾੜਾ ਇਸ ਹੱਦ ਤਕ ਚੌੜਾ ਹੋ ਗਿਆ ਹੈ ਕਿ ਸਿਖ਼ਰਲੇ 10 ਫੀ ਸਦੀ ਪਰਿਵਾਰ, ਹੇਠਲੇ 50 ਫੀ ਸਦੀ ਪਰਿਵਾਰਾਂ ਨਾਲੋਂ ਕਿਤੇ ਵੱਧ ਕਮਾਉਂਦੇ ਹਨ। ਬ੍ਰਿਟਿਸ਼ ਕੋਲੰਬੀਆ ਦਾ ਅਮੀਰ ਸਮਾਜ, ਇਹ ਪਾੜਾ ਭੀੜਾ ਕਰਨ ਦੇ ਸਮਰੱਥ ਹੈ।
      ਮੈਨੂੰ ਇਲਮ ਹੈ ਕਿ ਗ਼ਰੀਬੀ ਦਾ ਖ਼ਾਤਮਾ ਇੰਨਾ ਸੌਖਾ ਨਹੀਂ ਹੈ, ਪਰ ਸਾਡੇ ਕੋਲ ਦੋ ਰਾਹ ਹਨ। ਇਕ ਰਾਹ ਤਾਂ ਇਹ ਹੈ ਕਿ ਅਸੀਂ ਇਸ ਪਾਸਿਓਂ ਅੱਖਾਂ ਮੀਚ ਲਈਏ ਤੇ ਜਿੱਦਾਂ ਚਲਦਾ ਹੈ, ਚੱਲਣ ਦੇਈਏ, ਪਰ ਬੀ. ਸੀ. ਦੇ ਬਹੁਤ ਸਾਰੇ ਲੋਕਾਂ ਨੂੰ ਇਹ ਰਾਹ ਪਸੰਦ ਨਹੀਂ।
      ਸਾਡੇ ਕੋਲ ਦੂਜਾ ਰਾਹ ਇਹ ਹੈ ਕਿ ਅਸੀਂ ਅੱਗੇ ਹੋ ਕੇ ਇਹ ਗੰਭੀਰ ਮਸਲੇ ਹੱਲ ਕਰਨ ਲਈ ਠੋਸ ਹੀਲੇ ਕਰੀਏ ਤੇ ਮੈਂ ਇਸੇ ਹੀ ਰਾਹ ਪੈਣਾ ਚਾਹੁੰਦਾ ਹਾਂ।
      ਮੈਨੂੰ ਪੂਰਾ ਯਕੀਨ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਬਿਹਤਰ ਕਰ ਸਕਦੇ ਹਨ ਤੇ ਉਹ ਬਿਹਤਰ ਕਰਨਾ ਚਾਹੁੰਦੇ ਹਨ।
ਮੈਂ ਇਹ ਸੋਚ ਕੇ ਇਹ ਰਾਹ ਫੜਿਆ ਹੈ ਕਿ ਇਸ ਵੰਗਾਰ ਦਾ ਸਾਹਮਣਾ ਕਰ ਕੇ ਮੈਨੂੰ ਗ਼ਰੀਬੀ ਦੇ ਗੁੱਝੇ ਕਾਰਨਾਂ ਬਾਰੇ ਸਹੀ-ਸਹੀ ਇਲਮ ਹੋਵੇਗਾ ਤੇ ਇਹ ਵੀ ਪਤਾ ਲੱਗੇਗਾ ਕਿ ਗ਼ਰੀਬੀ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗ਼ੀ ’ਤੇ ਮਾੜਾ ਅਸਰ ਪਾਉਂਦੀ ਹੈ। ਇਸ ਅਨੁਭਵ ਨਾਲ ਮੈਂ ਇਕ ਐੱਮ. ਐੱਲ. ਏ. ਦੇ ਤੌਰ ’ਤੇ ਆਪਣੇ ਭਾਈਚਾਰੇ ਦੇ ਦੁੱਖ-ਦਰਦ ਬਿਹਤਰ ਢੰਗ ਨਾ ਦੂਰ ਕਰ ਸਕਾਂਗਾ ਅਤੇ ਆਪਣੇ ਸੂਬੇ ਨੂੰ ਬਿਹਤਰ ਬਣਾਉਣ ਦੇ ਹੀਲੇ ਕਰ ਸਕਾਂਗਾ।
      ਅੰਤ ਵਿਚ ਮੈਂ ਸ਼ੁਕਰਗੁਜ਼ਾਰ ਹਾਂ ਰੇਜ਼ ਦਾ ਰੇਟਸ, ਆਪਣੇ ਹਮਾਇਤੀਆਂ ਅਤੇ ਆਪਣੇ ਸਾਥੀ ਵਿਧਾਇਕਾਂ ਦਾ, ਜਿਨ੍ਹਾਂ ਨੇ ਮੈਨੂੰ ਇਸ ਵੰਗਾਰ ਨਾਲ ਮੱਥਾ ਲਾਉਣ ਲਈ ਹੌਸਲਾ ਤੇ ਉਤਸ਼ਾਹ ਦਿੱਤਾ।
      ਮੈਂ ਧੰਨਵਾਦੀ ਹਾਂ ਕੌਨਸਟੈਂਸ ਬਾਰਨਜ਼ ਦਾ, ਜਿਸ ਨੇ ਆਪਣੇ ਪਿਤਾ ਦੇ ਵੈੱਲਫੇਅਰ ’ਤੇ ਰਹਿਣ ਦੀ ਕਹਾਣੀ ਸਾਡੇ ਨਾਲ਼ ਸਾਂਝੀ ਕੀਤੀ।
      ਸਭ ਤੋਂ ਸਿਖ਼ਰ ’ਤੇ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਆਪਣੀ ਪਿਆਰੀ ਪਤਨੀ ਰਾਜਵੰਤ ਅਤੇ ਪੁੱਤਰ ਫਤਿਹ ਦਾ, ਜਿਨ੍ਹਾਂ ਨੇ ਇਸ ਕੰਮ ਲਈ ਮੇਰੀ ਹਮਾਇਤ ਹੀ ਨਹੀਂ ਕੀਤੀ, ਸਗੋਂ ਮੈਨੂੰ ਇਸ ਵੰਗਾਰ ਦਾ ਸਾਹਮਣਾ ਕਰਨ ਲਈ ਹੱਸ ਕੇ ਤੋਰਨ ਦਾ ਵਾਅਦਾ ਵੀ ਕੀਤਾ।
       ਬਹੁਤ-ਬਹੁਤ ਪਿਆਰ ਧੀ ਨੂਰ ਨੂੰ ਜਿਸ ਨੇ ਕਿਹਾ, “ਪਾਪਾ! ਇਹ ਕਰ ਦਿਓ ਤੇ ਕੁੱਝ ਬਦਲ ਕੇ ਦਿਖਾ ਦਿਓ।” #