ਅਗਲੇ ਸਾਲ ਇਨ੍ਹਾਂ ਦੇ ਵਿਆਹਾਂ ਦੇ ਵਾਜੇ ਵੱਜ ਜਾਣਗੇ
ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ, ਜਿਹੜੇ 2007 ਤੋਂ ਪਿਆਰ-ਪੀਘਾਂ ਝੂਟ ਰਹੇ ਹਨ ਤੇ ਜਿਨ੍ਹਾਂ ਨੂੰ ਲੋਕਾਂ ਨੇ 'ਸਫ਼ੀਨਾ' ਕਹਿਣਾ ਸੂਰੂ ਕਰ ਦਿੱਤਾ ਹੈ, ਦੇ ਵਿਆਹ ਦੀਆਂ ਸ਼ਹਿਨਾਈਆਂ ਅਗਲੇ ਸਾਲ ਵੱਜ ਜਾਣ ਦੀ ਆਸ ਹੈ।
ਵਿਆਹ ਦੇ ਬੰਨ੍ਹਣਾਂ ਵਿਚ ਬੱਝਣ ਲਈ ਤਿਆਰ ਬੈਠੀ ਅਗਲੀ ਜੋੜੀ ਹੈ, ਰਿਤੇਸ਼ ਦੇਸ਼ਮੁੱਖ ਤੇ ਜੇਨੇਲੀਆ ਡੀ'ਸੂਜ਼ਾ ਦੀ। ਸੁਨਣ ਵਿਚ ਆਇਆ ਹੈ ਕਿ 2003 ਤੋਂ ਲੁਕ-ਲੁਕ ਲਾਉਂਦੇ ਰਹੇ ਹਨ। ਹੁਣ ਉਨ੍ਹਾਂ ਦੀਆਂ ਲੁਕ-ਲੁਕ ਲਾਈਆਂ ਜੱਗ-ਜ਼ਾਹਰ ਹੋ ਗਈਆਂ ਹਨ। ਹੁਣ ਲੱਗਦਾ ਹੈ ਕਿ ਇਹ ਦੋਵੇਂ ਵੀ ਨਵੇਂ ਸਾਲ ਦੌਰਾਨ ਚਾਰ ਭੁਆਟਣੀਆਂ ਲੈ ਹੀ ਲੈਣਗੇ।
ਤੀਜੀ ਜੋੜੀ ਹੈ ਵਿਦਿਆ ਬਾਲਨ ਤੇ ਸਿਧਾਰਥ ਰਾਏ ਕਪੂਰ ਦੀ। ਇਸ ਜੋੜੀ ਵੱਲੋਂ ਚੁੱਪ-ਚਾਪ ਵਿਆਹ ਕਰਾ ਲਏ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ। ਦੂਜੇ ਪਾਸੇ 'ਵਿਦਿਆ ਵਿਚਾਰੀ' ਤਾਂ ਇਹ ਕਹੀ ਜਾ ਰਹੀ ਹੈ, "ਸਾਰੀ ਉਮਰ ਪਈ ਹੈ ਵਿਆਹ ਕਰਾਉਣ ਲਈ, ਚਾਰ ਸਾਲ ਕੰ ਤਾਂ ਕਰ ਲਈਏ।"
ਵਿਆਹ ਕਰਾਉਣ ਨੂੰ ਤਹੂੰ ਹੋਈ ਫ਼ਿਰਦੀ ਇਕ ਹੋਰ ਜੋੜੀ ਹੈ, ਸੋਹਾ ਅਲੀ ਖ਼ਾਨ ਤੇ ਕੁਨਾਲ ਖੇਮੂ ਦੀ। ਸੋਹਾ ਵੀ ਆਪਣੇ ਭਰਾ ਸੈਫ਼ ਵਾਂਗ ਹੁਣ ਘਰ ਵਸਾਉਣਾ ਚਾਹੁੰਦੀ ਹੈ। ਉਹ ਅਗਲੇ ਸਾਲ ਯਾਨੀ 2012 ਵਿਚ ਕੁਨਾਲ ਖੇਮੂ ਦੀ ਘਰ ਵਾਲ਼ੀ ਬਣ ਜਾਵੇਗੀ।
ਬਿਪਾਸ਼ਾ ਬਾਸੂ ਨਾਲ ਪਿਆਰ-ਪੀਂਘਾਂ ਝੂਟਦਿਆਂ ਬਹੁਤ ਹੀ ਸਿਖ਼ਰੋਂ ਡਿੱਗਿਆ ਜੌਹਨ ਅਬਰਾਹਮ, ਅਗਲੇ ਸਾਲ ਦੇ ਚੜ੍ਹਦਿਆਂ ਹੀ ਪ੍ਰਿਯਾ ਮਰਵਾਹਾ ਨਾਲ ਵਿਆਹ ਕਰਾ ਕੇ ਉਸ ਤੋਂ ਆਪਣੀਆਂ ਆਸ਼ਕਾਨਾ ਸੱਟਾਂ ਉੱਤੇ ਟਕੋਰਾਂ ਕਰਾਉਣ ਦੇ ਰਉਂ ਵਿਚ ਹੈ।
ਅਸਲੀ ਤੇ ਵਿੱਚਲੀ ਗੱਲ: ਦੇਖੋ ਜੀ, ਇਸ ਘੜੀ ਜੋ ਦਿਸਦਾ ਹੈ, ਉਹ ਦੱਸ ਦਿੱਤਾ ਹੈ ਬਾਕੀ ਇਹ ਜੋੜੀਆਂ ਜਾਨਣ ਜਾਂ ਉਹ ਜਾਣੇ।
ਅਸਲੀ ਤੇ ਵਿੱਚਲੀ ਗੱਲ: ਦੇਖੋ ਜੀ, ਇਸ ਘੜੀ ਜੋ ਦਿਸਦਾ ਹੈ, ਉਹ ਦੱਸ ਦਿੱਤਾ ਹੈ ਬਾਕੀ ਇਹ ਜੋੜੀਆਂ ਜਾਨਣ ਜਾਂ ਉਹ ਜਾਣੇ।
-ਸੁਜਾਖਾ ਸਿੰਘ 'ਦੀਦਾਵਰ'




