ਰਾਹੁਲ, ਮੋਦੀ, ਸ਼ਿੰਦੇ, ਗਡਕਰੀ, ਮੁਲਾਇਮ, ਮਾਇਆਵਤੀ ਵੀ ਸ਼ਾਮਿਲ
ਨਵੀਂ ਦਿੱਲੀ, 31 ਜਨਵਰੀ (ਏਜੰਸੀ)-ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਸਭ ਤੋਂ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ 'ਚ ਕੇਂਦਰੀ ਮੰਤਰੀਆਂ ਤੇ ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਦੇ ਨਾਂਅ ਸ਼ਾਮਿਲ ਹਨ। ਰਾਸ਼ਟਰੀ ਕਾਰਜਕਾਰਣੀ ਦੀ ਬੈਠਕ 'ਚ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਜਨੀਤੀ 'ਚ ਪਾਰਟੀ ਨੂੰ ਮਜਬੂਤ ਕਰਨ ਲਈ ਲਈ ਨਹੀਂ, ਬਲਕਿ ਦੇਸ਼ ਨੂੰ ਮਜਬੂਤ ਕਰਨ ਲਈ ਆਏ ਹਾਂ। ਕੇਜਰੀਵਾਲ ਨੇ ਸਮਰਥਕਾਂ ਨੂੰ ਬੇਨਤੀ ਕੀਤੀ ਅਸੀਂ ਦਾਗੀ ਮੰਤਰੀਆਂ ਨੂੰ ਚੋਣਾਂ 'ਚ ਹਰਾਉਣਾ ਹੈ। ਜਦੋਂ ਸਮਰਥਕਾਂ ਨੇ ਕੇਜਰੀਵਾਲ ਦੇ ਸਮਰਥਨ 'ਚ ਨਾਅਰੇ ਲਾਏ ਤਾਂ ਦਿੱਲੀ ਦੇ ਮੁੱਖ ਮੰਤਰੀ ਨੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਭ੍ਰਿਸ਼ਟ ਕਰਾਰ ਦੇ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਸਾਡਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਕੋਈ ਵੀ ਭ੍ਰਿਸ਼ਟ ਨੇਤਾ ਜਾਂ ਪਰਿਵਾਰ ਦਾ ਮੈਂਬਰ ਸੰਸਦ 'ਚ ਦਾਖ਼ਲ ਨਾ ਹੋ ਸਕੇ। ਕੇਜਰੀਵਾਲ ਨੇ ਸਮਰਥਾਂ ਨੂੰ ਕਿਹਾ ਕਿ ਜਿਨ੍ਹਾਂ ਦੇ ਨਾਂਅ ਰਹਿ ਗਏ ਹਨ, ਉਹ ਸੂਚੀ 'ਚ ਉਨ੍ਹਾਂ ਦੇ ਨਾਂਅ ਜੋੜ ਸਕਦੇ ਹਨ। ਕੇਜਰੀਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਵਰਗੇ ਲੋਕਾਂ ਨੇ ਆਪਣੇ ਬ੍ਰਾਂਡ ਇਮੇਜ ਲਈ ਪੰਜ ਹਜ਼ਾਰ ਕਰੋੜ ਰੁਪਏ ਖ਼ਰਚੇ ਹਨ। ਇਹ ਕਿਵੇਂ ਚੰਗਾ ਸਾਸ਼ਨ ਦੇ ਸਕਦੇ ਹਨ। ਕੇਜਰੀਵਾਲ ਵੱਲੋਂ ਜਾਰੀ ਕੀਤੀ ਭ੍ਰਿਸ਼ਟ ਨੇਤਾਵਾਂ ਦੀ ਸੂਚੀ 'ਚ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਫਾਰੂਕ ਅਬਦੁੱਲਾ, ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ, ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ, ਸਾਬਕਾ ਮੰਤਰੀ ਸੁਰੇਸ਼ ਕਲਮਾਡੀ, ਸਾਬਕਾ ਭਾਜਪਾ ਪ੍ਰਧਾਨ ਨਿਤਿਨ ਗਡਕਰੀ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੂਰੱਪਾ, ਕੇਂਦਰੀ ਦੂਰ ਸੰਚਾਰ ਮੰਤਰੀ ਕਪਿਲ ਸਿੱਬਲ, ਸਮਾਜਵਾਦੀ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ, ਕੇਂਦਰੀ ਸੰਸਦੀ ਕਾਰਜ ਮੰਤਰੀ ਕਮਲਨਾਥ, ਕੇਂਦਰੀ ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ, ਭਾਜਪਾ ਮਹਾਸਕੱਤਰ ਅਨੰਤ ਕੁਮਾਰ, ਐਨ. ਸੀ. ਪੀ. ਪ੍ਰਧਾਨ ਸ਼ਰਦ ਪਵਾਰ, ਕੇਂਦਰੀ ਵਿੱਤ ਮੰਤਰੀ ਪੀ. ਚਿੰਦਬਰਮ, ਭਾਜਪਾ ਨੇਤਾ ਅਨੁਰਾਗ ਠਾਕੁਰ, ਡੀ. ਐਮ. ਕੇ. ਨੇਤਾ ਅਲਾਗਿਰੀ, ਸਾਬਕਾ ਕੇਂਦਰੀ ਦੂਰ ਸੰਚਾਰ ਮੰਤਰੀ ਏ. ਰਾਜਾ, ਡੀ. ਐਮ. ਕੇ. ਨੇਤਾ ਕਨੀਮੋਝੀ, ਜਨਤਾ ਦਲ ਨੇਤਾ ਐਚ. ਡੀ. ਕੁਮਾਰਸਵਾਮੀ, ਬਸਪਾ ਪ੍ਰਧਾਨ ਮਾਇਆਵਤੀ, ਅਸਮ ਦੇ ਮੁੱਖ ਮੰਤਰੀ ਤਰੁਣ ਗੋਗੋਈ, ਕਾਂਗਰਸ ਦੇ ਸੰਸਦ ਮੈਂਬਰ ਨਵੀਨ ਜਿੰਦਲ, ਸ੍ਰੀਪ੍ਰਕਾਸ਼ ਜੈਸਵਾਲ ਤੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ, ਜੀ. ਕੇ. ਵਾਸਨ, ਅਨੂ ਟੰਡਨ ਅਤੇ ਜਗਨ ਮੋਹਨ ਰੈਡੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਚੋਣਾਂ ਲੜਨ ਵਾਲੇ ਸੰਭਾਵੀ ਉਮੀਦਵਾਰਾਂ ਦੇ ਨਾਂਅ ਵੀ ਜਾਰੀ ਕੀਤੇ ਹਨ