A`j qoN nw koeI ngr Aswfw nw koeI
v`Krw dys, AsIN qW qur c`ly prdys
ਡਾਕਟਰ ਦਰਸ਼ਨ ਗਿੱਲ ਨੂੰ ਅੰਤਮ ਵਿਦਾਇਗੀ
ਬਖ਼ਸ਼ਿੰਦਰ
ਸਰੀ-‘ਅੱਜ ਤੋਂ ਨਾ ਕੋਈ ਨਗਰ ਅਸਾਡਾ ਨਾ ਕੋਈ ਸਾਡਾ ਦੇਸ, ਅਸੀਂ ਤਾਂ ਤੁਰ ਚੱਲੇ ਪਰਦੇਸ’ ਡਾ. ਦਰਸ਼ਨ ਗਿੱਲ ਦੇ ਲਿਖੇ ਹੋਏ ਇਸ ਗੀਤ ਦੇ ਬੋਲ ਉਸ ਸਮੇਂ ਡੈਲਟਾ (ਵੈਨਕੋਵਰ) ਦੇ ‘ਫਾਈਵ ਰਿਵਰਜ਼ ਫਿਊਨਰਲ ਹੋਮ’ ਵਿਚ ਗੂੰਜ ਰਹੇ ਸਨ, ਜਦੋਂ ਇਨ੍ਹਾਂ ਬੋਲਾਂ ਦੇ ਸਿਰਜਣਹਾਰ ਦੀ ਦਿਹ ਅਗਨੀ ਭੇਂਟ ਕਰਨ ਲਈ ਲਿਜਾਈ ਜਾ ਰਹੀ ਸੀ। ਇਸ ਮੌਕੇ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸਾਹਿੱਤਕਾਰਾਂ, ਸਾਹਿੱਤ-ਪ੍ਰੇਮੀਆਂ, ਸਿਖਿਆ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਸਮੇਤ ਸਮਾਜ ਦੇ ਹਰ ਵਰਗ ਦੀ ਨੁਮਾਇੰਦਗੀ ਕਰਦੇ ਲੋਕ ਹਾਜ਼ਰ ਸਨ, ਜਿਨ੍ਹਾਂ ਵਿਚ ਸਾਬਕਾ ਐੱਮ. ਪੀ. ਉੱਜਲ ਦੁਸਾਂਝ, ਐੱਮ. ਐੱਲ. ਏ. ਸੂ ਹੈਮਰ, ਭਾਰਤੀ ਕੌਂਸੁਲੇਟ ਤੋਂ ਡੀ. ਕੇ. ਸ਼ਰਮਾ ਵੀ ਸ਼ਾਮਲ ਸਨ।
ਇਸ ਮੌਕੇ ’ਤੇ ਡਾ. ਗਿੱਲ ਨੂ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਬੁਲਾਰਿਆਂ ਨੇ ਡਾ. ਗਿੱਲ ਦੀ ਬਹੁਪੱਖੀ ਸ਼ਖ਼ਸੀਅਤ ’ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਨੂੰ ਇਕ ਵਧੀਆ ਅਧਿਆਪਕ, ਯੋਗ ਰਹਿਨੁਮਾ, ਸਮੇਂ ਦੀ ਨਬਜ਼ ਪਛਾਨਣ ਵਾਲਾ ਲੇਖਕ ਹੀ ਨਹੀਂ, ਇਕ ਚੰਗਾ ਪਤੀ ਤੇ ਪਿਤਾ ਵੀ ਕਰਾਰ ਦਿੱਤਾ। ਡਾਕਟਰ ਸਾਧੂ ਸਿੰਘ ਨੇ ਕਿਹਾ, “ਡਾਕਟਰ ਦਰਸ਼ਨ ਗਿੱਲ ਆਪ ਤਾਂ ਬਹੁਤ ਵਧੀਆ ਸਾਹਿੱਤਕਾਰ ਸੀ ਹੀ, ਉਸ ਨੇ ਹੋਰ ਬਹੁਤ ਸਾਰੇ ਸਾਹਿੱਤਕਾਰਾਂ ਨੂੰ ਵੀ ਉਨ੍ਹਾਂ ਦੇ ਸਿਰਾਂ ’ਤੇ ਹੱਥ ਰੱਖ ਕੇ ਤੋਰਿਆ। ਉਹ ਪੜ੍ਹਾਈ ਦਾ ਇੰਨਾ ਸ਼ੌਕੀਨ ਸੀ ਕਿ ਉਸ ਨੇ ਅੰਗਰੇਜ਼ੀ ਵਿਚ ਐੱਮ. ਏ. ਪਾਸ ਕਰ ਕੇ, ਪ੍ਰੋਫੈਸਰ ਲੱਗ ਜਾਣ ਮਗਰੋਂ ਵੀ ਨਾ ਸਿਰਫ਼ ਪੰਜਾਬੀ ਦੀ ਐੱਮ. ਏ. ਕੀਤੀ, ਸਗੋਂ ਕੈਨੇਡਾ ਆ ਕੇ ਪੀ-ਐੱਚ. ਡੀ ਵੀ ਕੀਤੀ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਡਾ. ਗਿੱਲ ਦੀ ਬਦੌਲਤ ਹੀ ਕੈਨੇਡਾ ਦੇ ਬਹੁਤ ਸਾਰੇ ਸਾਹਿੱਤਕਾਰਾਂ ਦੀਆਂ ਕਿਤਾਬਾਂ ਛਪੀਆਂ ਹਨ। ਜੇ ਉਹ ਇਹ ਕਿਤਾਬਾਂ ਛਪਾਉਣ ਦਾ ਉੱਦਮ ਨਾ ਕਰਦੇ ਤਾਂ ਸ਼ਾਇਦ ਬਹੁਤ ਸਾਰੇ ਸਾਹਿੱਤਕਾਰਾਂ ਦਾ ਕੋਈ ਵਜੂਦ ਹੀ ਨਾ ਹੁੰਦਾ।” ਉਨ੍ਹਾਂ ਨੇ ਇਹ ਵੀ ਕਿਹਾ ਡਾ. ਗਿੱਲ ਨੇ ਹੀ ਪੰਜਾਬੀ ਦੀਆਂ ਕਿਤਾਬਾਂ ਘਰਾਂ ਤੇ ਲਾਇਬ੍ਰੇਰੀਆਂ ਤਕ ਪਹੁੰਚਾਉਣ ਦਾ ਹੀਲਾ ਕੀਤਾ ਤੇ ਸਤੀਸ਼ ਗੁਲਾਟੀ ਦੀ ਮਦਦ ਨਾਲ ਪੁਸਤਕ ਮੇਲੇ ਲਗਾਉਣੇ ਸ਼ੁਰੂ ਕੀਤੇ।
ਡਾ. ਗਿੱਲ ਦੇ ਜਮਾਤੀ ਰਹੇ ਭਾਨ ਸਿੰਘ ਨੇ ਕਿਹਾ ਕਿ ‘ਦਰਸ਼ਨ’ ਬਚਪਨ ਤੋਂ ਹੀ ਨਾ ਸਿਰਫ਼ ਬਹੁਤ ਹੁਸ਼ਿਆਰ ਸੀ, ਸਗੋਂ ਸੁਹਣਾ ਵੀ ਬਹੁਤ ਸੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਤੋਂ ਹੀ ਪੜ੍ਹਨ-ਲਿਖਣ ਦੇ ਸ਼ੌਕੀਨ ਰਹੇ ‘ਦਰਸ਼ਨ’ ਨਾਲ ਰਲ਼ ਕੇ ਉਨ੍ਹਾਂ ਨੇ ਲੁਧਿਆਣਾ ਤੋਂ ‘ਬਸੰਤ’ ਨਾਂ ਦਾ ਇਕ ਪਰਚਾ ਵੀ ਕੱਢਿਆ ਸੀ। ਡਾ. ਗਿੱਲ ਦੀ ਧੀ ਸ਼ਮਿੰਦਰ ਨੇ ਕਿਹਾ ਕਿ ਉਨ੍ਹਾਂ ਦੇ ‘ਪਾਪਾ’ ਬਹੁਤ ਮਹਾਨ ਸਨ। ਉਸ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਆਖ਼ਰੀ ਸਾਹ ਲੈਣ ਤੋਂ ਕੁੱਝ ਹੀ ਸਮਾਂ ਪਹਿਲਾਂ ਉਨ੍ਹਾਂ ਨੇ ਕਿਹਾ, “ਮੈਂ ਬਹੁਤ ਹੀ ਸਫ਼ਲ ਜ਼ਿੰਦਗੀ ਜੀਅ ਕੇ ਜਾ ਰਿਹਾ ਹਾਂ ਤੇ ਇਸ ਵੇਲ਼ੇ ਮੈਨੂੰ ਕੋਈ ਸੰਸਾ ਨਹੀਂ ਹੈ।”
ਉਨ੍ਹਾਂ ਦੇ ‘ਭਰਾਵਾਂ ਵਰਗੇ ਮਿੱਤਰ’ ਨਿਰਮਲ ਸਿੰਘ ਸਰਾਂ ਨੇ ਡਾ. ਗਿੱਲ ਦੀ ਜ਼ਿੰਦਗੀ ਦੀਆਂ ਬਹੁਤ ਹੀ ਅਹਿਮ ਘਟਨਾਵਾਂ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਛੋਟੀ ਉਮਰੇ ਹੀ ਰਲ਼ ਕੇ ‘ਕਰੂੰਬਲਾਂ’ ਨਾਂ ਦਾ ਇਕ ਪਰਚਾ ਕੱਢਿਆ ਸੀ। ਡਾ. ਗਿੱਲ ਦੇ ਸਦਾ ਲਈ ਤੁਰ ਜਾਣ ਦੀ ਖ਼ਬਰ ਸੁਣ ਕੇ ਬਹੁਤ ਦੂਰ ਇਕ ਫਾਰਮ ਤੋਂ ਆਈ ਬੀਬੀ ਵੀਰਾਂ ਤੇ ਡਾ. ਗਿੱਲ ਦੀ ਇਕ ਵਿਦਿਆਰਥਣ ਅਰਚਨਾ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਡਾ. ਦਰਸ਼ਨ ਗਿੱਲ ਨੇ ਕੈਂਸਰ ਨਾਲ ਜੂਝਦਿਆਂ 10 ਜੂਨ, 2011 ਨੂੰ ਸਰੀ ਮੈਮੋਰੀਅਲ ਹਸਪਤਾਲ ਵਿਚ ਆਖ਼ਰੀ ਸਾਹ ਲਿਆ ਸੀ। #