ਕੈਨੇਡਾ ਦੇ ਲੋਕਾਂ ਨੂੰ ਪਹਿਨਣਾ-ਪੱਚਰਨਾ ਨਹੀਂ ਆਉਂਦਾ
ਬੇਢੰਗੇ ਲਿਬਾਸਾਂ ਦੇ ਮਾਮਲੇ ਵਿਚ ਵੈਨਕੂਵਰ ਤੇ ਔਟਵਾ
ਸਿਖ਼ਰਲੇ ਦਸ ਸ਼ਹਿਰਾਂ ਵਿਚ ਸ਼ਾਮਲ
ਯੋਗ ਅਭਿਆਸ ਕਰਨ ਵੇਲ਼ੇ ਪਾਈ ਜਾਣ ਵਾਲ਼ੀ ਪੈਂਟ, ਜੋ ਸਭ ਤੋਂ ਪਹਿਲਾਂ ਵੈਨਕੂਵਰ ਵਿਚ ਹੀ ਬਣਾਈ ਗਈ ਸੀ, ਹੁਣ ਬੀਬੀਆਂ ਥਾਂ-ਥਾਂ ਪਾਈ ਫਿਰਦੀਆਂ ਹਨ
ਔਰਲੈਂਡੋ ਸ਼ਹਿਰ ਦੇ ਲੋਕ, ਜਿਨਾਂ ਵੱਲੋਂ ਬੇਢੰਗੇ ਲਿਬਾਸ ਪਾਉਣ ਕਾਰਨ ਇਹ ਸ਼ਹਿਰ, ਇਸ ਨਖਿੱਧ ਮੁਕਾਬਲੇ ਵਿਚ ਅੱਵਲ ਰਿਹਾ ਹੈ
ਵੈਨਕੂਵਰ, ਬਖ਼ਸ਼ਿੰਦਰ
    ਭਾਵੇਂ ਕੈਨੇਡਾ ਦੇ ਦੋ ਸ਼ਹਿਰ ਔਟਵਾ ਤੇ ਵੈਨਕੂਵਰ ਹੋਰ ਕਈ ਕੰਮਾਂ ਕਾਰਨ ਜਹਾਨ ਵਿਚ ਮਸ਼ਹੂਰ ਰਹੇ ਹੋਣਗੇ, ਪਰ ਇਸ ਵਾਰ ਉਨ੍ਹਾਂ ਨੂੰ ਇਹੋ ਜਿਹੀ ਮਸ਼ਹੂਰੀ ਮਿਲੀ ਹੈ, ਮਸ਼ਹੂਰੀ ਨਾਲੋਂ ਬਦਨਾਮੀ ਵੱਧ ਲੱਗਦੀ ਹੈ। ਔਟਵਾ, ਕੈਨੇਡਾ ਦੀ ਰਾਜਧਾਨੀ ਹੈ ਤੇ ਵੈਨਕੂਵਰ ਕੋਲ ਕਈ ਸਾਲ ਜਹਾਨ ਵਿਚ ਸਭ ਤੋਂ ਵੱਧ ਵਸਣ ਯੋਗ ਸ਼ਹਿਰ ਦਾ ਖ਼ਿਤਾਬ ਰਿਹਾ ਹੈ, ਪਰ ਇਹ ਦੋਵੇਂ ਹੀ ਸ਼ਹਿਰ ਮਾੜੇ ਲਿਬਾਸਾਂ ਦੇ ਮਾਮਲੇ ਵਿਚ ਜਹਾਨ ਭਰ ਵਿਚੋਂ ਛਾਂਟੇ ਗਏ ਦਸ ਸ਼ਹਿਰਾਂ ਵਿਚ ਆ ਗਏ ਹਨ। ਇਸ ਮਾਮਲੇ ਵਿਚ ਛਾਟੇ ਗਏ ਦਸ ਸ਼ਹਿਰਾਂ ਵਿਚ ਔਟਵਾ ਅੱਠਵੇਂ ਤੇ ਵੈਨਕੂਵਰ ਤੀਜੇ ਸਥਾਨ ’ਤੇ ਰਿਹਾ ਹੈ। ‘ਐੱਮਐੱਸਐੱਨ ਟਰੈਵਲ’ ਵਿਚ ਛਪੇ ਇਕ ਲੇਖ ਮੁਤਾਬਕ, ਵੈਨਕੂਵਰ ਨੂੰ ਇਹ ਦਰਜਾ ਇਸ ਲਈ ਦਿੱਤਾ ਗਿਆ ਹੈ ਕਿਉਂ ਕਿ ਉਹ ‘ਯੋਗ ਅਭਿਆਸ’ ਕਰਨ ਵੇਲ਼ੇ ਪਾਈ ਜਾਂਦੀ ਪੈਂਟ ਦਾ ‘ਜਨਮ ਸਥਾਨ’ ਹੈ। ਔਟਵਾ ਨੂੰ ਇਹ ਦਰਜਾ, ਇਸ ਸ਼ਹਿਰ ਦੇ ਅਧਿਕਾਰੀਆਂ ਅਤੇ ਅਹਿਲਕਾਰਾਂ ਵੱਲੋਂ ਕੋਈ ਸ਼ਾਨ ਜਾਂ ਟੌਹਰ ਬਣਾਉਣ ਦੀ ਖ਼ਾਹਸ਼ ਰੱਖਣ ਤੋਂ ਬਗ਼ੈਰ ਹੀ ਕੋਟ-ਪੈਂਟ ਪਾਈ ਜਾਣ ਤੇ ਟਾਈ ਲਗਾਈ ਜਾਣ ਦੇ ਨਾਲ-ਨਾਲ ਇਸ ਫੈਸ਼ਨ ਵਿਚ ਕੋਈ ਵੀ ਅਦਲਾ-ਬਦਲੀ ਨਾ ਕਰਨ ਦੇ ਕਾਰਨ ਦਿੱਤਾ ਗਿਆ ਹੈ।
     ਵਿਵੀਅਨ ਸੌਂਗ ਨਾਂ ਦੀ ਇਕ ਬੀਬੀ ਵੱਲੋਂ ਲਿਖੇ ਹੋਏ ਇਸ ਲੇਖ ਵਿਚ ਉਸ ਨੇ ਇਹ ਲਿਖਿਆ ਹੋਇਆ ਹੈ ਕਿ ਭਾਵੇਂ ਉਹ ਫੈਸ਼ਨ ਦੀ ਮਾਹਰ ਨਹੀਂ ਹੈ, ਪਰ ਉਹ ਜਿੰਨਾ ਸਮਾਂ ਵੀ ਵਿਦੇਸ਼ ਵਿਚ ਰਹੀ ਹੈ, ਉਸ ਦਾ ਧਿਆਨ, ਕੈਨੇਡਾ ਦੇ ਫੈਸ਼ਨ ਨੇ, ਖ਼ਾਸ ਤੌਰ ’ਤੇ ਯੋਗ ਅਭਿਆਸ ਵਾਲ਼ੀਆਂ ਪੈਂਟਾਂ ਨੇ ਰੰਗ ਦਿੱਤਾ ਸੀ। ਉਸ ਨੇ ਅੱਗੇ ਏਦਾਂ ਲਿਖਿਆ ਹੈ, “ਹੋ  ਸਕਦਾ ਹੈ ਇਸ ਦਾ ਕਾਰਨ ਇਹ ਵੀ ਹੋਵੇ ਕਿ ਮੈਂ ਇਕ ਸਾਲ ਪੈਰਿਸ ਰਹਿ ਕੇ ਮੁੜੀ ਹਾਂ ਤੇ ਉੱਥੇ ਯੋਗ ਅਭਿਆਸ ਵਾਲ਼ੀ ਇਕ ਵੀ ਪੈਂਟ ਮੈਨੂੰ ਨਜ਼ਰ ਨਹੀਂ ਆਈ ਸੀ। ਸੱਚੀਂ ਇਹ ਪੈਂਟਾਂ ਪਾ ਕੇ ਆਨੰਦ ਹੀ ਆ ਜਾਂਦਾ ਹੈ ਤੇ ਮੈਂ ਵੀ ਇਹ ਪੈਂਟਾਂ ਆਪਣੇ ਲਈ ਖਰੀਦੀਆਂ ਹਨ। ਮੇਰਾ ਖ਼ਿਆਲ ਹੈ ਕਿ ਇਹ ਪੈਂਟਾਂ ਪਾਉਣ ਦਾ ਇਕ ਢੁੱਕਵਾਂ ਸਮਾਂ ਤੇ ਮੌਕਾ ਹੈ। ਇਹ ਪੈਂਟਾਂ ਉਨ੍ਹਾਂ ਔਰਤਾਂ ਲਈ ਨਹੀਂ ਹਨ, ਜਿਨ੍ਹਾਂ ਦੇ ਪੱਟ ਤੇ ਪੁੜੇ ਭਾਰੇ ਹਨ। ਗੋਗੜ ਵਾਲ਼ੀਆਂ ਔਰਤਾਂ ਨੂੰ ਵੀ ਇਹ ਪੈਂਟਾਂ ਪਾਉਣ ਤੋਂ ਗੁਰੇਜ਼ ਕਰਨਾ ਬਣਦਾ ਹੈ।”
     ਉਹ, ਇਨ੍ਹਾਂ ਪੈਂਟਾਂ ਦੀ ਦੁਰਵਰਤੋਂ ਲਈ ਵੈਨਕੂਵਰ ਨੂੰ ਹੀ ਦੋਸ਼ ਦਿੰਦੀ ਹੈ ਕਿਉਂ ਕਿ ਇਹ ਸ਼ਹਿਰ ਹੀ ਇਨ੍ਹਾਂ ਪੈਂਟਾਂ ਦਾ ਮੋਢੀ ਹੈ। ਔਟਵਾ ਤੇ ਉਸ ਦੇ ਲੋਕਾਂ ਬਾਰੇ ਇਹ ਬੀਬੀ ਇਹ ਲਿਖਦੀ ਹੈ, “ਇਸ ਸ਼ਹਿਰ ਦੇ ਲੋਕ ਤਾਂ ਕੋਟ-ਪੈਂਟਾਂ ਤੇ ਟਾਈਆਂ ਵਿਚ ਫਸੇ ਹੋਏ ਨਜ਼ਰ ਆਉਂਦੇ ਹਨ। ਉਹ 1980 ਦੇ ਜ਼ਮਾਨੇ ਵਿਚ ਜਾਮ ਹੋ ਗਏ ਲੱਗਦੇ ਹਨ। ਉਹ ਲਿਖਦੀ ਹੈ, “ਇੱਥੋਂ ਦੇ ਲੋਕ, ਰਾਜਧਾਨੀ ਵਿਚ ਰਹਿੰਦੇ ਹੋਣ ਕਾਰਨ, ਕੱਪੜੇ ਪਾਉਣ ਵੇਲ਼ੇ ਵੀ ਹਕੂਮਤ ਦੇ ਭਾਰ ਹੇਠ ਆਏ ਰਹਿੰਦੇ ਲੱਗਦੇ ਹਨ।”   
     ਔਟਵਾ ਵਿਚ ਪਾਰਲੀਮੈਂਟ ਹਾਲ ਦੇ ਨੇੜੇ ਦੇ ਇਕ ਲਿਬਾਸਾਂ ਦੇ ਸਟੋਰ ‘ਮੌਰਗੈਂਤੇ ਮੈੱਨਜ਼ਵੀਅਰ’ ਦੇ ਮਾਲਕ ਡੌਮਨੀਕ ਮੌਰਗੈਂਤੇ ਦਾ ਕਹਿਣ ਹੈ ਕਿ ਕੱਪੜੇ ਪਾਉਣ ਦੇ ਮਾਮਲੇ ਵਿਚ ਇਸ ਸ਼ਹਿਰ ਨੂੰ ਪੁਰਾਣੇ ਫੈਸ਼ਨ ਦਾ ਹੀ ਸਮਝਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ, “ਇਸ ਗੱਲ ਲਈ ਬਹੁਤੀ ਜ਼ਿੰਮੇਵਾਰ ਸਰਕਾਰ ਹੀ ਸਮਝੀ ਜਾਂਦੀ ਹੈ ਜਦੋਂ ਕਿ ਉਸ ਨੇ ਕੋਈ ਲਿਬਾਸ ਜ਼ਾਬਤਾ ਲਾਗੂ ਨਹੀਂ ਕੀਤਾ ਹੋਇਆ। ਲੋਕ ਕਿਸੇ ਤਰ੍ਹਾਂ ਦੇ ਵੀ ਗ਼ੈਰ-ਰਸਮੀ ਲਿਬਾਸ ਪਾ ਕੇ ਆਪਣੇ ਕੰਮਾਂ ’ਤੇ ਜਾ ਸਕਦੇ ਹਨ।” ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਵੱਖਰੇ ਢੰਗ ਨਾਲ ਸਜਾਉਣਾ ਚਾਹੁੰਦੇ ਹਨ, ਪਰ ਉਨ੍ਹਾਂ ਦੇ ਗਾਹਕ ਇਹ ਵੱਖਰਾ ਅੰਦਾਜ਼ ਅਪਣਾਉਣਾ ਹੀ ਨਹੀਂ ਚਾਹੁੰਦੇ।
     ਇਸ ਦਰਜਾਬੰਦੀ ਵਿਚ ਅੱਠਵੇਂ ਸਥਾਨ ’ਤੇ ਰਹਿ ਕੇ ਵੀ ਔਟਵਾ ਦਾ ਵਕਾਰ ਕੁੱਝ ਹੱਦ ਤਕ ਬਚਿਆ ਹੋਇਆ ਹੈ ਕਿਉਂ ਕਿ ਉਸ ਦੇ ਲੋਕਾਂ ਦੇ ਲਿਬਾਸ ਸਿਲੀਕੋਨ ਵੈਲੀ, ਸੀਆਟਲ, ਬੋਸਟਨ ਦੇ ਨਾਲ-ਨਾਲ ਹਾਰਾਜੁਕੂ (ਜਾਪਾਨ) ਦੇ ਲੋਕਾਂ ਦੇ ਲਿਬਾਸਾਂ  ਨਾਲ਼ੋਂ ਮਾੜੇ ਨਹੀਂ ਮੰਨੇ ਗਏ। ਤੀਜੇ ਸਥਾਨ ’ਤੇ ਰਹੇ ਵੈਨਕੂਵਰ ਨਾਲ ਵੀ ਇੰਨੀ ਮਾੜੀ ਨਹੀਂ ਹੋਈ ਕਿਉਂ ਕਿ ਉਹ, ਮਾਉਈ ਤੋਂ ਹੀ ਇਕ ਦਰਜਾ ਹੇਠਾਂ ਹੈ ਜਦੋਂ ਕਿ ਔਰਲੈਂਡੋ ਪਹਿਲੇ ਸਥਾਨ ’ਤੇ ਰਿਹਾ ਹੈ।#