ਚੀਨੀ ਪੱਤਰਕਾਰਾ ਨੂੰ ਆਸ਼ਕਾਨਾ ‘ਰੁੱਕੇ’ ਭੇਜਣ ਵਾਲੇ
 ਕੈਨੇਡੀਅਨ ਸੰਸਦ ਮੈਂਬਰ ਨੇ ਮੁਆਫ਼ੀ ਮੰਗੀ
ਬੌਬ ਡੈਕਰਟ ਤੇ ਸ਼ੀ ਰੋਂਗ ਦੀ ਇਕ ਪੁਰਾਣੀ ਤਸਵੀਰ
ਬਖ਼ਸ਼ਿੰਦਰ
 ਵੈਨਕੂਵਰ-ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਪਾਰਲੀਮਾਨੀ ਸਕੱਤਰ ਬੌਬ ਡੈਕਰਟ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਹ ਚੀਨੀ ਸਰਕਾਰੀ ਖ਼ਬਰ ਏਜੈਂਸੀ ‘ਸ਼ਿਨਹੂਆ’ ਦੀ, ਟੋਰਾਂਟੋ ਸਥਿਤ ਮੁੱਖ ਪੱਤਰਕਾਰਾ ਨੂੰ ਆਸ਼ਕਾਨਾ ਮੇਲਜ਼ ਭੇਜਦੇ ਰਹੇ ਹਨ।
ਸ਼ੁਕਰਵਾਰ ਰਾਤੀਂ ਜਾਰੀ ਕੀਤੇ ਇਕ ਲਿਖਤੀ ਬਿਆਨ ਵਿਚ ਮਿਸਟਰ ਡੈਕਰਟ ਨੇ ਕਿਹਾ ਕਿ ਉਹ ਸ਼ੀ ਰੋਂਗ ਨਾਂ ਦੀ ਇਸ ਪੱਤਰਕਾਰਾ ਨੂੰ ਉਸ ਵੇਲ਼ੇ ਮਿਲੇ ਸਨ ਜਦੋਂ ਉਹ ਚੀਨੀ ਭਾਸ਼ਾਈ ਮੀਡੀਆ ਲਈ ਕੁੱਝ ਇੰਟਰਵਿਊਜ਼ ਕਰ ਰਹੀ ਸੀ। ਉਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਵਿਚਾਲੇ ਦੋਸਤੀ ਹੋ ਗਈ ਸੀ। ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਉਸ ਨਾਲ ਠਰਕ ਭੋਰਨ ਦੇ ਉਦੇਸ਼ ਨਾਲ ਉਸ ਨੂੰ ਕੁੱਝ ਮੇਲਜ਼ ਵੀ ਕੀਤੀਆਂ ਸਨ। ਇਸ ਬਿਆਨ ਨੂੰ ਇਕ ਮੁਆਫ਼ੀਨਾਮੇ ਦਾ ਰੂਪ ਦਿੰਦਿਆਂ ਉਨ੍ਹਾਂ ਨੇ ਇਸ ਵਿਚ ਹੀ ਅੱਗੇ ਇਹ ਵੀ ਲਿਖਿਆ ਹੈ, “ਇਹ ਮੇਲਜ਼ ਸ਼ੁਗ਼ਲ-ਮੇਲੇ ਲਈ ਹੀ ਸਨ, ਪਰ ਸਾਡੇ ਵਿਚਾਲ਼ੇ ਦੋਸਤੀ ਵਿਚ ਕੋਈ ਮੈਲ਼ ਨਹੀਂ ਸੀ। ਅਸੀਂ ਦੋਸਤੀ ਵਿਚ ਪੂਰੀ ਤਰ੍ਹਾਂ ਖ਼ਰੇ ਸਾਂ ਤੇ ਖ਼ਰੇ ਹਾਂ। ਮੈਂ ਇਸ ਸੂਰਤਿ-ਹਾਲ ਤੋਂ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਪੁੱਜਣ ਲਈ ਮੁਆਫ਼ੀ ਦਾ ਤਲਬਗ਼ਾਰ ਹਾਂ।”
ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਇਕ ਬੁਲਾਰੇ ਨੇ ਕਿਹਾ, “ਡੈਕਰਟ ਨੇ ਕੋਈ ਵੀ ਮਾੜੀ ਹਰਕਤ ਕੀਤੀ ਹੋਣ ਤੋਂ ਇਨਕਾਰ ਹੀ ਕੀਤਾ ਹੈ, ਜਿਸ ਕਰ ਕੇ ਸਾਡੇ ਕੋਲ ਵੀ ਇਸ ਸਬੰਧ ਵਿਚ ਕੋਈ ਸਬੂਤ ਨਹੀਂ ਹੈ।”
ਦੂਜੇ ਪਾਸੇ ਡੈਕਰਟ ਨੇ ਇਹ ਵੀ ਦੱਸਿਆ ਕਿ ਸ਼ੀ ਰੋਂਗ ਦੇ ਘਰ ਵਿਚ ਕੋਈ ਕਲੇਸ਼ ਚੱਲਣ ਕਾਰਨ ਉਸ ਦੀਆਂ ਈ-ਮੇਲਜ਼ ਕਿਸੇ ਨੇ ਚੁਰਾ ਕੇ ਪੜ੍ਹ ਲਈਆਂ ਸਨ।
ਸ਼ੀ ਨੇ ਕੈਨੇਡਾ ਦੇ ਇਕ ਪ੍ਰਮੁੱਖ ਅਖ਼ਬਾਰ ਰਾਹੀਂ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਉਸ ਦਾ ਪਤੀ ਹੀ ਹੈ, ਜਿਸ ਨੇ ਉਸ ਦੇ ਈ-ਮੇਲ ਖਾਤੇ ਵਿਚ ਸੰਨ੍ਹ ਲਾਈ ਹੈ। ਪਿਛਲੇ ਸਾਲ 17 ਅਪ੍ਰੈਲ ਨੂੰ ਭੇਜੀ ਇਕ ਮੇਲ ਰਾਹੀਂ ਮਿਸਟਰ ਡੈਕਰਟ ਨੇ ਆਪਣੀ ਤਸਵੀਰ ਭੇਜਣ ’ਤੇ ਸ਼ੀ ਦਾ ਧੰਨਵਾਦ ਕਰਦਿਆਂ ਏਦਾਂ ਲਿਖਿਆ ਸੀ, “ਤੂੰ ਸੁਨੱਖੀ ਏਂ। ਮੈਨੂੰ ਪਾਣੀ ਦੇ ਕੋਲ ਖੜ੍ਹੀ ਹੋ ਕੇ ਖਿਚਾਈ ਹੋਈ ਤੇਰੀ ਇਹ ਤਸਵੀਰ ਬਹੁਤ ਚੰਗੀ ਲੱਗੀ ਹੈ ਕਿਉਂ ਕਿ ਇਸ ਵਿਚ ਤੇਰੀਆਂ ਗੱਲ੍ਹਾਂ ਬਹੁਤ ਹੀ ਫੁੱਲੀਆਂ ਹੋਈਆਂ ਲੱਗਦੀਆਂ ਹਨ ਤੇ ਤੂੰ ਬਲਾ ਦੀ ਸੁਹਣੀ ਲੱਗਦੀ ਏਂ। ਮੈਨੂੰ ਤੇਰਾ ਇਹ ਰੂਪ ਬਹੁਤ ਜਚਦਾ ਹੈ। ਮੈਂ ਤੈਨੂੰ ਚੇਤੇ ਕਰ ਰਿਹਾ ਹਾਂ।”#