ਬੁਸ਼ ਨੂੰ ਫੜ ਲਓ-ਫੜ ਲਓ ਹੋ ਗਈ
 ਕਾਰ ’ਚੋਂ ਉਤਰਨਾ ਵੀ ਨਸੀਬ ਨਾ ਹੋਇਆ
ਸਰੀ ਵਿਚ ਜਾਰਜ ਬੁਸ਼ ਦੇ ਆਉਣ ’ਤੇ ਉਨ੍ਹਾਂ ਵਿਰੁੱਧ ਮੁਜ਼ਾਹਰਾ ਕਰਦੇ, ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਕਾਰਕੁਨ  
ਬਖ਼ਸ਼ਿੰਦਰ
ਵੈਨਕੂਵਰ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਵੱਲੋਂ ਇਸ ਸ਼ਹਿਰ ਦੇ ਸਰੀ ਇਲਾਕੇ ਦੇ ਇਕ ਹੋਟਲ ਵਿਚ ਆਉਣ ਸਮੇਂ ਸੈਂਕੜੇ ਲੋਕਾਂ ਨੇ ਨਾ ਸਿਰਫ਼ ਉਨ੍ਹਾਂ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ, ਸਗੋਂ ਅੰਗਰੇਜ਼ੀ ਭਾਸ਼ਾ ‘ਬੁਸ਼ ਨੂੰ ਫੜ ਲਓ-ਫੜ ਲਓ’ ਦੇ ਨਾਅਰੇ ਵੀ ਬੁਲੰਦ ਕੀਤੇ। ਕੁੱਝ ਲੋਕ ‘ਬੁਸ਼ ਸ਼ਰਮ ਕਰ’ ਦੇ ਨਾਅਰੇ ਲਾਉਂਦੇ ਵੀ ਸੁਣੇ ਗਏ।
      ਵੀਰਵਾਰ ਨੂੰ ਸ਼ੈਰੇਟਨ ਗਿਲਫੋਰਡ ਹੋਟਲ ਵਿਚ ਹੋਣ ਵਾਲ਼ੇ ‘ਸਾਲਾਨਾ ਖੇਤਰੀ ਆਰਥਕ ਸਿਖ਼ਰ ਸੰਮੇਲਨ’ ਵਿਚ ਅਮਰੀਕਾ ਦੇ ਦੋ ਸਾਬਕਾ ਰਾਸ਼ਟਰਪਤੀਆਂ ਜਾਰਜ ਬੁਸ਼ ਅਤੇ ਬਿੱਲ ਕਲਿੰਟਨ ਨੇ ਮੁੱਖ ਤਕਰੀਰਾਂ ਕਰਨੀਆਂ ਸਨ। ਇਸ ਮੌਕੇ ’ਤੇ ‘ਅਮਨੈਸਟੀ ਇੰਟਰਨੈਸ਼ਨਲ’ ਸਮੇਤ ਬਹੁਤ ਸਾਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਨ੍ਹਾਂ ਦੇ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ। ਇਨ੍ਹਾਂ ਜਥੇਬੰਦੀਆਂ ਨੇ ਇਸ ਮੌਕੇ ਕੈਨੇਡਾ ਸਰਕਾਰ ਨੂੰ ਅਪੀਲਾਂ ਕੀਤੀਆਂ ਕਿ ਉਹ ਜੰਗੀ ਜੁਰਮ ਕਰਨ ਵਾਲ਼ੇ ਬੁਸ਼ ਨੂੰ ਗ਼੍ਰਿਫ਼ਤਾਰ ਕਰ ਲਵੇ।
‘ਲਾਈਅਰਜ਼ ਅਗੇਂਸਟ ਦਾ ਵਾਰ’ ਦੀ ਤਰਜਮਾਨ ਗੈਲ ਡੇਵਿਡਸਨ ਨੇ ਇਸ ਮੁਜ਼ਾਹਰੇ ਵਿਚ ਸੰਬੋਦਨ ਕਰਦਿਆਂ ਕਿਹਾ ਕਿਸ ਕੈਨੇਡਾ ਦੀ ਕੇਂਦਰ ਸਰਕਾਰ, ਬੁਸ਼ ਨੂੰ ਹਿਰਾਸਤ ਵਿਚ ਲੈਣ ਦੀ ਆਪਣੀ ਜ਼ਿੰਮੇਵਾਰੀ ਤੋਂ ਕੰਨੀ ਕਤਰਾਅ ਰਹੀ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਸਭ ਨੂੰ ਇਲਮ ਹੈ ਕਿ ਬੁਸ਼ ਜੰਗੀ ਮੁਜਰਮ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਉਸ ਨੇ ਸਾਰੇ ਜਹਾਨ ਵਿਚ ਜੰਗੀ ਦਹਿਸ਼ਤ ਫੈਲਾਈ ਹੋਈ ਸੀ। ਉਹ ਗੁਆਂਟਾਨਾਮੋ ਖਾੜੀ ਵਿਚ ਨਜ਼ਰਬੰਦ ਕੀਤੇ ਹੋਏ ਲੋਕਾਂ ਨੂੰ ਅਣਮਨੁੱਖੀ ਤਸੀਹੇ ਦੁਆਉਣ ਦਾ ਗੁਨਾਹਗ਼ਾਰ ਹੈ ਤੇ ਉਸ ਨੇ ਇਰਾਕ ਦੇ ਖ਼ਿਲਾਫ਼ ‘ਗ਼ੈਰਕਾਨੂੰਨੀ ਜੰਗ’ ਛੇੜੀ ਹੋਈ ਸੀ।”
      ਇਸ ਮੌਕੇ ’ਤੇ ਭਾਵੇਂ ਪੁਲਸ ਨੇ 152 ਤੇ 154 ਸਟਰੀਟਸ ਬੰਦ ਕੀਤੀਆਂ ਹੋਈਆਂ ਸਨ, ਪਰ ਫਿਰ ਵੀ 104 ਐਵੇਨਿਊ ਵਿਖੇ ਤਕਰੀਬਨ 200 ਵਿਅਕਤੀਆਂ ਨੇ ਇਕੱਠਿਆਂ ਹੋ ਕੇ ਉੱਥੇ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿਚ ਨੌਜੁਆਨਾਂ ਤੇ ਬਜ਼ੁਰਗਾਂ ਨੇ ਰਲ ਕੇ ਸ਼ਿਰਕਤ ਕੀਤੀ ਤੇ ਉਨ੍ਹਾਂ ਦੇ ਹੱਥੀਂ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਅੰਗਰੇਜ਼ੀ ਵਿਚ ‘ਵਾਟਰਬੋਰਡ ਬੁਸ਼’ ਅਤੇ ‘ਟੌਰਚਰਰ ਐਂਡ ਵਾਰ ਕ੍ਰਿਮੀਨਲ’ ਲਿਖਿਆ ਹੋਇਆ ਸੀ।
       ਇਸ ਮੁਜ਼ਾਹਰੇ ਵਿਚ ‘ਬ੍ਰਿਜੈੱਟ ਡੀਪਾਪੇ’ ਨਾਂ ਦੀ ਉਹ 22 ਸਾਲਾ ਕੁੜੀ ਵੀ ਦਿਸੀ, ਜਿਸ ਨੇ ਜੂਨ ਵਿਚ ਪ੍ਰਧਾਨ ਮੰਤਰੀ ਵੱਲੋਂ ਤਕਰੀਰ ਕਰਨ ਦੌਰਾਨ ਉਹ ਤਖ਼ਤੀ ਲਹਿਰਾਈ ਸੀ, ਜਿਸ ਉੱਤੇ ਅੰਗਰੇਜ਼ੀ ਵਿਚ ‘ਬੰਦ ਕਰ ਹਾਰਪਰ’ ਲਿਖਿਆ ਹੋਇਆ ਸੀ। ਉਸ ਨੇ ਇਸ ਮੌਕੇ ’ਤੇ ਕਿਹਾ, “ਸਾਨੂੰ ਪਤਾ ਹੈ ਕਿ ਬੁਸ਼ ਨੇ ਅਫ਼ਗਾਸਿਤਾਨ ਵਿਚ ਦਮਨ ਚੱਕਰ ਚਲਾਇਆ ਤੇ ਗੁਆਂਟਾਨਾਮੋ ਖਾੜੀ ਵਿਚ ਜ਼ੁਲਮ ਦਾ ਨੰਗਾ ਨਾਚ ਕਰਾਇਆ ਹੈ ਤੇ ਸਾਡੀ ਸਰਕਾਰ ਉਸ ਨੂੰ ‘ਸੁੱਕਾ’ ਹੀ ਜਾਣ ਦੇ ਰਹੀ ਹੈ। ਅਸੀਂ ਇਸੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਇੱਥੇ ਆਏ ਹਾਂ ਤੇ ਕਹਿ ਰਹੇ ਹਾਂ ਕਿ ਇਹ ਸਭ ਕੁੱਝ ਹੁਣ ਹੁੰਦਾ ਨਹੀਂ ਰਹਿਣਾ।”
       ਇਸ ਹੋਟਲ ਤੋਂ ਦੋ-ਦੋ ਸੌ ਮੀਟਰ ਚਾਰੇ ਹੀ ਪਾਸੇ ਦਰਜਨਾਂ ਪੁਲਸ ਮੁਲਾਜ਼ਮ ਮੋਟਰ ਸਾਈਕਲਾਂ, ਗੱਡੀਆਂ ’ਤੇ ਅਤੇ ਪੈਦਲ ਗਸ਼ਤ ਕਰ ਰਹੇ ਸਨ ਤੇ ਅਸਮਾਨ ਵਿਚ ਹੈਲੀਕਾਪਟਰਾਂ ਨੇ ‘ਭੂੰਡ-ਗੇੜੇ’ ਬੰਨ੍ਹੇ ਹੋਏ ਸਨ। ਦੁਪਹਿਰੋਂ ਬਾਅਦ ਜਦੋਂ ਕਾਲੇ ਰੰਗ ਦੀਆਂ ਗੱਡੀਆਂ ਦਾ ਇਕ ਕਾਫ਼ਲਾ ਹੋਟਲ ਵਿਚ ਪਿਛਲੇ ਪਾਸਿਓਂ ਦਾਖਲ ਹੋਇਆ ਤਾਂ ਮਿਸਟਰ ਬੁਸ਼ ਕਾਰ ਵਿਚੋਂ ਬਾਹਰ ਨਹੀਨ ਨਿੱਕਲੇ। ਉਨ੍ਹਾਂ ਵੱਲੋਂ ਹੋਟਲ ਦੇ ਅੰਦਰ ਤਕਰੀਰ ਕਰਨ ਸਮੇਂ ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।#