ਵੈਨਕੂਵਰ ਦੀ ਪੁਲਸ ਮੁਫ਼ਤਖੋਰੀ ਕਰਦੀ
ਰਹਿੰਦੀ ਹੈ ਵੇਸਵਾਵਾਂ ਨਾਲ
‘ਮਿਸਿੰਗ ਵਿਮਨ ਇਨਕੁਆਇਰੀ ਕਮਿਸ਼ਨ’ ਦੀ ਮੀਟਿੰਗ ਵਿਚ ਗਵਾਹੀ ਦੇਣ ਲਈ ਪੇਸ਼ ਹੋਣ ਵੇਲ਼ੇ ਡਾ. ਕੇਟ ਸ਼ੈਨਨ (ਖੱਬੇ)
ਬਖ਼ਸ਼ਿੰਦਰ
ਡਾ. ਸ਼ੈਨਨ ਦਾ ਕਹਿਣ ਹੈ, “ਗਲੀਆਂ ਜਾਂ ਸੜਕਾਂ ’ਤੇ ਖੜ੍ਹੀਆਂ ਹੋ ਕੇ ਜਿਸਮਾਨੀ ਧੰਦਾ ਕਰਦੀਆਂ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਵਿਚੋਂ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੁੰਦੀ ਸੀ ਕਿ ਵੈਨਕੂਵਰ ਪੁਲਸ ਦੇ ਮੁਲਾਜ਼ਮ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਜਾਂ ਉਨ੍ਹਾਂ ਨੂੰ ਜੁਰਮਾਨਾ ਕਰਨ ਦੀ ਥਾਂ, ਉਨ੍ਹਾਂ ਨਾਲ ਜਿਸਮਾਨੀ ਮੁਫ਼ਤਖ਼ੋਰੀ ਕਰਦੇ ਰਹਿੰਦੇ ਸਨ।” ਡਾ. ਸ਼ੈਨਨ, ਜੋ ਵੈਨਕੂਵਰ ਦੀਆਂ ਸੜਕਾਂ ਉੱਤੇ ਵੇਸਵਾਗਮਣੀ ਦੇ ਸਬੰਧ ਵਿਚ ਕਈ ਸਰਵੇਖਣ ਕਰ ਚੁੱਕੀ ਹੈ, ਦਾ ਕਹਿਣ ਹੈ ਕਿ ਜਿਸਮਾਨੀ ਧੰਦਾ ਕਰਦੀਆਂ ਔਰਤਾਂ ਦੀ ਵੱਡੀ ਗਿਣਤੀ ਨੇ ਇਹ ਗੱਲ ਕਹੀ ਹੈ ਕਿ ਵੈਨਕੂਵਰ ਪੁਲਸ ਦੇ ਮੁਲਾਜ਼ਮ ਉਨ੍ਹਾਂ ਨੂੰ ‘ਘਵੇ ਦੀਆਂ ਮੱਛੀਆਂ’ ਸਮਝ ਕੇ ਉਨ੍ਹਾਂ ਨੂੰ ਬਹੁਤ ਦੁਖੀ ਕਰਦੇ ਰਹੇ ਹਨ।
ਇਸ ਖੋਜਾਰਥਣ ਨੇ ਦੱਸਿਆ ਕਿ ਪੁਲਸ ਵਲੋਂ ‘ਪਹਿਲਾਂ ਹੀ ਦੁਖੀ ਕਰ ਦੇਣ’ ਮਗਰੋਂ ਇਨ੍ਹਾਂ ਔਰਤਾਂ ਨੂੰ ਆਪਣੇ ਗਾਹਕਾਂ ਹੱਥੋਂ ਹਿੰਸਕ ਰੂਪ ਵਿਚ ਸਤਾਈਆਂ ਜਾਣ ਦੀ ਗੁੰਜਾਇਸ਼ ਤਿੰਨ ਗੁਣਾ ਵੱਧ ਤੇ ਧੱਕਾ ਕੀਤਾ ਜਾਣ ਦੀ ਗੁੰਜਾਇਸ਼ ਦੁੱਗਣੀ ਹੋ ਜਾਂਦੀ ਸੀ। ਉਨ੍ਹਾਂ ਨੇ ਕਿਹਾ, “ਪੁਲਸ ਦੇ ਝਮੇਲੇ ਤੋਂ ਬਚਣ ਲਈ ਇਹ ਕੁੜੀਆਂ ਕਈ ਵਾਰੀ, ਆਪਣੇ ਗਾਹਕ ਚੁਣਨ ਵਿਚ ਜਾਂ ਉਨ੍ਹਾਂ ਨਾਲ ਸੌਦਾ ਕਰਨ ਵਿਚ ਕਾਹਲੀ ਕਰ ਜਾਂਦੀਆਂ ਹਨ ਜਾਂ ਕਈ ਵਾਰੀ ਇਸੇ ਹੀ ਕਾਹਲੀ ਵਿਚ ਹੋਰ ਵੀ ਗ਼ਲਤ ਬੰਦਿਆਂ ਦੀਆਂ ਕਾਰਾਂ ਵਿਚ ਚੜ੍ਹ ਜਾਂਦੀਆਂ ਰਹੀਆਂ ਹਨ।” ਉਨ੍ਹਾਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦੱਸੇ ਜਾ ਰਹੇ ਇਹ ਤੱਥ ਪ੍ਰਮਾਣਕ ਹਨ ਕਿਉਂ ਕਿ ਇਹ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਖੋਜ-ਪੜਤਾਲ਼ਾਂ ਦੌਰਾਨ ਸਾਹਮਣੇ ਆਏ ਹੋਏ ਹਨ।
ਉਨ੍ਹਾਂ ਨੇ ਦੱਸਿਆ ਕਿ ਜਿਸਮਾਨੀ ਧੰਦਾ ਕਰਦੀਆਂ ਔਰਤਾਂ, ਪੁਲਸ ਦੇ ਮੱਥੇ ਲੱਗਣ ਤੋਂ ਬਚਣ ਲਈ, ਹਨ੍ਹਰੀਆਂ ਗਲੀਆਂ ਜਾਂ ਨੁੱਕਰਾਂ ਵਿਚ ਖੜ੍ਹੀਆਂ ਹੋ ਸੌਦੇ ਕਰਨ ਲਈ ਮਜਬੂਰ ਹੁੰਦੀਆਂ ਰਹੀਆਂ ਹਨ। ਪੁਲਸ ਤੋਂ ਇਸ ਤਰ੍ਹਾਂ ਲੁਕਣਾ, ਉਨ੍ਹਾਂ ਦੇ ਗਾਹਕਾਂ ਨੂੰ ਉਨ੍ਹਾਂ ਨਾਲ ਹਿੰਸਕ ਬਦਤਮੀਜ਼ੀਆਂ ਕਰਨ ਲਈ ਉਤਸ਼ਾਹ ਦਿੰਦਾ ਹੈ। ਉਨ੍ਹਾਂ ਨੇ ਕਿਹਾ, “ਜੇ ਜਿਸਮਾਨੀ ਧੰਦਾ ਕਰਨ ਵਾਲ਼ੀ ਕੋਈ ਔਰਤ ਪਹਿਲਾਂ ਹੀ ਕਿਸੇ ਪੁਲਸ ਮੁਲਾਜ਼ਮ ਤੋਂ ‘ਦੰਦ ਖੱਟੇ’ ਕਰਾ ਚੁੱਕੀ ਹੋਵੇਗੀ ਤਾਂ ਉਹ ਕਿਸੇ ਗਾਹਕ ਦੀ ਹਿੰਸਕ ਬਦਤਮੀਜ਼ੀ ਦੀ ਸ਼ਿਕਾਇਤ ਉਸੇ ਹੀ ਪੁਲਸ ਮੁਲਾਜ਼ਮ ਕੋਲ ਕਰਨ ਜਾਣੋਂ ਤਾਂ ਰਹੀ।”
ਉਨ੍ਹਾਂ ਨੇ ਕਿਹਾ, “ਜਿਸਮਾਨੀ ਧੰਦਾ ਕਰਦੀਆਂ ਔਰਤਾਂ ਪੁਲਸ ਤੋਂ, ਦੱਲਿਆਂ ਤੋਂ, ਓਪਰਿਆਂ ਬੰਦਿਆਂ ਅਤੇ ਭਾਈਵਾਲਾਂ ਤੋਂ ਬਹੁਤ ਡਰਦੀਆਂ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਵੇਸਵਾਵਾਂ ਆਪਣੇ ਨਾਲ ਹੁੰਦੇ ਧੱਕੇ ਬਾਰੇ ਸ਼ਿਕਾਇਤ ਘੱਟ ਹੀ ਦਰਜ ਕਰਾਉਂਦੀਆਂ ਹਨ ਤੇ ਇਸ ਲਈ ਪ੍ਰੇਰਨਾ, ਉਹ ਆਪਣੇ ਤਜਰਬੇ ਤੋਂ ਹੀ ਲੈਂਦੀਆਂ ਹਨ।#
