kYnyfw ivc fwk mulwzmW

 dI hVqwl ^qm

cwr h&iqAW bwAd fwk vMfI geI
ਹੜਤਾਲ ਖ਼ਤਮ ਹੋਣ ਮਗਰੋਂ ਹਰਕਤ ਵਿਚ ਆਈਆਂ ‘ਕੈਨੇਡਾ ਪੋਸਟ’ ਦੀਆਂ ਗੱਡੀਆਂ ਤੇ ਮੁਲਾਜ਼ਮ
ਬਖ਼ਸ਼ਿੰਦਰ
ਵੈਨਕੋਵਰ-ਕੈਨੇਡਾ ਦੀ ਸੰਸਦ ਵੱਲੋਂ ਦੋ ਦਿਨ ਪਹਿਲਾਂ, ਇਕ ਬਿੱਲ ਪਾਸ ਕਰ ਕੇ 48 ਹਜ਼ਾਰ ਡਾਕ ਮੁਲਾਜ਼ਮਾਂ ਨੂੰ ਆਪਣੀਆਂ ਡਿਊਟੀਆਂ ’ਤੇ ਹਾਜ਼ਰ ਹੋਣ ਦਾ ਹੁਕਮ ਦਿੱਤੇ ਜਾਣ ਮਗਰੋਂ ਅੱਜ ਡਾਕ ਵਿਭਾਗ, ਜਿਸ ਨੂੰ ‘ਕੈਨੇਡਾ ਪੋਸਟ’ ਕਿਹਾ ਜਾਂਦਾ ਹੈ, ਦੇ ਮੁਲਾਜ਼ਮਾਂ ਵੱਲੋਂ ਚਾਰ ਹਫ਼ਤਿਆਂ ਤੋਂ ਕੀਤੀ ਹੋਈ ਕੰਮ-ਠੱਪ ਹੜਤਾਲ ਖ਼ਤਮ ਹੋ ਗਈ ਹੈ ਤੇ ਇੱਥੇ ਚਾਰ ਹਫ਼ਤਿਆਂ ਤੋਂ ਵੰਡਣੋਂ ਪਈ ਡਾਕ ਵਿਚੋਂ ਕੁੱਝ ਡਾਕ ਵੰਡੀ ਗਈ।
ਇਸ ਮੌਕੇ ’ਤੇ ਕੁੱਝ ਡਾਕੀਆਂ ਨੇ ਇਤਰਾਜ਼ ਕੀਤਾ ਕਿ ਉਨ੍ਹਾਂ ਨੂੰ, ਲੰਬੇ ਅਰਸੇ ਤੋਂ ਪਈ ਡਾਕ ਵੰਡਣ ਦਾ ਕੰਮ ਮੁਕਾਉਣ ਲਈ ‘ਓਵਰ ਟਾਈਮ’ ਉੱਤੇ ਕੰਮ ਨਹੀਂ ਲਾਇਆ ਗਿਆ। ਇਸ ਦੇ ਜੁਆਬ ਵਿਚ ‘ਕੈਨੇਡਾ ਪੋਸਟ’ ਨੇ ਕਿਹਾ ਹੈ ਕਿ ਅਜੇ ਤਾਂ ਇਹ ਵੀ ਸਮਝਣਾ ਹੈ ਕਿ ਇਸ ਕੰਮ ਲਈ ‘ਓਵਰ ਟਾਈਮ’ ਲਗਵਾਉਣ ਦੀ ਲੋੜ ਪਵੇਗੀ ਜਾਂ ਨਹੀਂ। ਇਸ ਦੌਰਾਨ, ਡਾਕ ਨਾਲ ਹੀ ਸਬੰਧਤ ਇਕ ਹੋਰ ਅਦਾਰੇ ‘ਕਰਾਊਨ ਕਾਰਪੋਰੇਸ਼ਨ’ ਨੇ ਇਕ ਵਾਰ ਫਿਰ ਸਭ ਨੂੰ ਕਿਹਾ ਹੈ ਕਿ  ਸਬਰ ਤੋਂ ਕੰਮ ਲਿਆ ਜਾਵੇ। ਉਹ ਹਰ ਥਾਂ ਅੜੀ ਹੋਈ ਡਾਕ ਅੱਗੇ ਤੋਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
 ‘ਕੈਨੇਡਾ ਪੋਸਟ’ ਨੇ ਆਪਣੇ ਮੁਲਾਜ਼ਮਾਂ ਦੀਆਂ ਉਜਰਤ ਵਧਾਉਣ ਦੀ ਮੰਗ ਸਮੇਤ ਸਾਰੀਆਂ ਮੰਗਾਂ ਠੁਕਰਾ ਦਿੱਤੀਆਂ ਹਨ ਤੇ ਇਹ ਵੀ ਕਿਹਾ ਹੈ ਕਿ  ਨਵੇਂ ਮੁਲਾਜ਼ਮ ਘੱਟ ਉਜਰਤ ’ਤੇ ਹੀ ਰੱਖੇ ਜਾਇਆ ਕਰਨਗੇ।
ਓਟਾਵਾ ਤੋਂ ‘ਕੈਨੇਡਾ ਪੋਸਟ’ ਦੀ ਤਰਜਮਾਨ ਅਨਿੱਕ ਲੋਜ਼ੀਅਰ ਨੇ ਮੀਡੀਆ ਨੂੰ ਕਿਹਾ, “ਅਜੇ ਤਾਂ ਅਸੀਂ ਇਹ ਅਨੁਮਾਨ ਲਗਾ ਰਹੇ ਹਾਂ ਕਿ ਕੁੱਲ ਡਾਕ ਹੈ ਕਿੰਨੀ ਕੁ।” ਉਂਝ ਉਹ, ਇਹ ਨਾ ਦੱਸ ਸਕੀ ਕਿ ਕੁੱਲ ਕਿੰਨੀ ਡਾਕ ਰਾਹ ਵਿਚ ਹੀ ਫਸੀ ਹੋਈ ਹੈ। ਉਸ ਨੇ ਕਿਹਾ ਕਿ ਕਿਸੇ ਵੀ ਆਮ ਦਿਨ ਵਿਚ, ਕੈਨੇਡਾ ਦੇ ਘਰਾਂ ਤੇ ਦਫ਼ਤਰਾਂ ਵਿਚ ਡਾਕ ਦੇ ਦੋ-ਤਿੰਨ ਕਰੋੜ ਨਗ ਤਾਂ ਪਹੁੰਚਾਏ ਹੀ ਜਾਂਦੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ‘ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼’ ਦੇ ਮੈਂਬਰਾਂ ਵੱਲੋਂ 12 ਦਿਨਾਂ ਦੀ ਟੁੱਟਵੀਂ ਜਿਹੀ ਹੜਤਾਲ ਕਰਨ ਮਗਰੋਂ 12 ਜੂਨ ਨੂੰ ਡਾਕ ਮੁਲਾਜ਼ਮਾਂ ਲਈ ਤਾਲਾਬੰਦੀ ਕਰ ਦਿੱਤੀ ਗਈ ਸੀ। ਬੀਬੀ ਲੋਜ਼ੀਅਰ ਨੇ ਕਿਹਾ ਕਿ ਡਾਕ ਛਾਂਟਣ ਵਾਲ਼ੇ ਮੁਲਾਜ਼ਮ, ਸੋਮਵਾਰ ਤੋਂ ਹੀ ਕੰਮ ’ਤੇ ਆ ਲੱਗੇ ਹਨ ਅਤੇ ਗਲੀਆਂ ਵਿਚ ਲੱਗੇ ਹੋਏ ਲੈਟਰ ਬਾਕਸ ਖੁਲ੍ਹਵਾਏ ਜਾਣ ਲੱਗ ਪਏ ਹਨ। ਉਸ ਨੇ ਇਹ ਵੀ ਕਿਹਾ ਕਿ ਲੋਕ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਸਕਦੇ ਹਨ, ਪਰ ਇਹ ਕੰਮ ਆਮ ਵਾਂਗ ਹੋਣ ਲਈ ਹਾਲੇ ਸਮਾਂ 
ਲੱਗ ਸਕਦਾ ਹੈ ਤੇ ਇਹ ਸਮਾਂ ਦੋ ਤੋਂ ਤਿੰਨ ਹਫ਼ਤੇ ਹੋ ਸਕਦਾ ਹੈ। ਇਸ ਹੜਤਾਲ ਦਾ ਇਕ ਦਿਲਚਸਪ ਪਹਿਲੂ ਇਹ ਰਿਹਾ ਹੈ ਕਿ ਇਸ ਦੌਰਾਨ ਡਾਕਖ਼ਾਨਿਆਂ ਰਾਹੀਂ ਕੰਮ ਨਾ ਹੋਣ ਕਾਰਨ, ਲੋਕਾਂ ਨੇ ਆਪਣੇ ਕਾਰੋਬਾਰੀ ਭੁਗਤਾਨ ਕਰਨ ਲਈ ਇੰਟਰਨੈੱਟ ਦੀ ਵਰਤੋਂ ਖੁੱਲ੍ਹ ਕੇ ਕੀਤੀ ਤੇ ਬਹੁਤ ਸਾਰੇ ਵਪਾਰੀਆਂ ਨੇ ਇਸ ਹੜਤਾਲ ਤੋਂ ਸਬਕ ਲੈਂਦਿਆਂ ਭੁਗਤਾਨ ਦਾ ਕੰਮ ‘ਆਨਲਾਈਨ’ ਕਰ ਲਿਆ ਹੈ।