ਜਮਾ ਈ ਹਰਾ ਹੋ ਜਾਊ ਵੈਨਕੂਵਰ!
ਵੈਨਕੋਵਰ ਦੀ ਅਸਮਾਨੀ ਰੇਖਾ ਦੀ ਇਕ ਝਲਕ, ਜਿਸ ਵਿਚ ਅਮਰੀਕਾ ਦੀ ਪਹਾੜੀ ਚੋਟੀ ‘ਮਾਊਂਟ ਬੇਕਰ’ ਵੀ ਦਿਸਦੀ ਹੈ
ਵੈਨਕੂਵਰ ਤੋਂ ਬਖ਼ਸ਼ਿੰਦਰ
ਇਸ ਸ਼ਹਿਰ ਦੇ ਕੌਂਸਲਰਾਂ ਨੇ ਵੀਰਵਾਰ ਨੂੰ, ਇਸ ਸ਼ਹਿਰ ਨੂੰ ਜਹਾਨ ਭਰ ਦੇ ਸਾਰੇ ਸ਼ਹਿਰਾਂ ਨਾਲੋਂ ਕਿਤੇ ਵੱਧ ਹਰਿਆ-ਭਰਿਆ ਬਣਾਉਣ ਦੀ ਇਕ ਮਾਣਮੱਤੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਸੂਬੇ ਦੇ ਇਕ ਮੁੱਖ ਮੰਤਰੀ, ਜਿਸ ਦਾ ਇਹ ਯੋਜਨਾ ਬਣਵਾਉਣ ਵਿਚ ਮੁੱਖ ਯੋਗਦਾਨ ਰਿਹਾ ਹੈ, ਨੇ ਕਿਹਾ ਹੈ ਕਿ ਇਹ ਯੋਜਨਾ ਹਾਲੇ ਉਨੀ ਅੱਗੇ ਨਹੀਂ ਵਧੀ, ਜਿੰਨੀ ਵਧਣੀ ਚਾਹੀਦੀ ਸੀ।
ਇਹ ਸਾਬਕਾ ਮੁੱਖ ਮੰਤਰੀ, ਜਿਨ੍ਹਾਂ ਦਾ ਨਾਂ ਮਾਈਕ ਹਰਕੋਰਟ ਹੈ, ਇਹ ਚਾਹੁੰਦੇ ਹਨ ਕਿ ਇਸ ਸਹਿਰ ਵਿਚ ਇਕਹਿਰੇ ਪਰਿਵਾਰਾਂ ਲਈ ਵੱਖਰੀ ਜ਼ੋਨ ਪ੍ਰਣਾਲੀ ਖ਼ਤਮ ਕੀਤੀ ਜਾਵੇ। ਉਨ੍ਹਾਂ ਦਾ ਕਹਿਣ ਹੈ, “ਪਿਛਲੇ 30 ਸਾਲਾਂ ਤੋਂ ਉਸਾਰੇ ਜਾ ਰਹੇ ਮਕਾਨਾਂ ਵਿਚੋਂ 75 ਫੀ ਸਦੀ ਮਕਾਨ ਇਹੋ ਜਿਹੇ ਹਨ, ਜੋ ਬਹੁ-ਪਰਿਵਾਰਕ ਹਨ। ਇਸ ਲਈ ਅਸੀਂ ਬਹੁ-ਪਰਿਵਾਰਕ ਮਕਾਨ ਉਸਾਰੀ ਵੱਲ ਵਧ ਰਹੇ ਹਾਂ ਕਿਉਂ ਕਿ ਇਹ ਸਾਡੀ ਲੋੜ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਹੈ, “ਇਸ ਲਈ ਮੈਂ ਇਹ ਕਹਿ ਰਿਹਾ ਹਾਂ ਕਿ ਆਓ, ਇਕਹਿਰੇ ਪਰਿਵਾਰਕ ਜ਼ੋਨ ਤੋਂ ਖਹਿੜਾ ਛੁਡਾਈਏ ਕਿਉਂ ਕਿ ਅੱਜ ਦੇ ਮਹਿੰਗੇ ਦੌਰ ਵਿਚ ਮਕਾਨ ਬਣਾਉਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈ।”
ਵੈਨਕੂਵਰ ਨੂੰ ਬਹੁਤ ਹੀ ਹਰਿਆ-ਭਰਿਆ ਬਣਾਉਣ ਦੀ ਯੋਜਨਾ, ਜਿਸ ਨੂੰ ‘ਦਾ ਗਰੀਨਿਸਟ ਸਿਟੀ ਐਕਸ਼ਨ ਪਲੈਨ’ ਕਿਹਾ ਜਾ ਰਿਹਾ ਹੈ, ਦਾ ਉਦੇਸ਼ ਵੈਨਕੂਵਰ ਨੂੰ ਸੰਨ 2020 ਤਕ ਜਹਾਨ ਦਾ ਸਭ ਤੋਂ ਵੱਧ ਹਰਾ ਸ਼ਹਿਰ ਬਣਾਉਣਾ ਹੈ। ਇਹ ਯੋਜਨਾ, ਮੇਅਰ ਗਰੈਗਰ ਰਾਬਰਟਸਨ ਨਟ ਸੰਨ 2009 ਵਿਚ ਵਿੱਢੀ ਸੀ। ਇਸ ਯੋਜਨਾ ਦੇ ਮੁੱਖ ਉਦੇਸ਼ਾਂ ਵਿਚ ਕੁਦਰਤੀ ਸਾਧਨਾਂ ਤੋਂ ਮਨੁਖੀ ਬੋਝ ਘਟਾਉਣਾ, ਮੋਟਰ-ਗੱਡੀਆਂ ਦੀ ਆਵਾਜਾਈ ਘਟਾਉਣਾ ਤੇ ਸਾਈਕਲ ਚਲਾਉਣਾ ਅਤੇ ਪੈਦਲ ਆਉਣ-ਜਾਣ ਨੂੰ ਉਤਸ਼ਾਹਤ ਕਰਨਾ, ਗਰੀਨ ਹਾਊਸ ਗੈਸ ਦਾ ਰਿਸਾਅ ਘਟਾਉਣਾ, ਸਥਾਨਕ ਖੁਰਾਕ ਉਤਪਾਦਨ ਨੂੰ ਉਤਸ਼ਾਹ ਦੇਣਾ, ਕੁਦਰਤ ਤੇ ਪਾਰਕ ਤਕ ਮਨੁੱਖੀ ਪਹੁੰਚ ਆਸਾਨ ਕਰਨਾ, ਪਾਣੀ ਦੀ ਸੰਭਾਲ ਤੇ ਊਰਜਾ ਸਫਾਈ ਜਿਹੇ ਕੰਮ, ਰੁਜ਼ਗ਼ਾਰ-ਸੂਚੀ ਵਿਚ ਸ਼ਾਮਲ ਕਰਾਉਣਾ ਆਦਿ ਸ਼ਾਮਲ ਹੈ।