ਵੈਨਕੂਵਰ ਵਿਚ ਫੈਲ ਰਹੇ ਹਨ ਬਹੁਤ ਘਾਤਕ ਜੰਗਲੀ ਬੂਟੇ
ਜ਼ਹਿਰੀਲੇ ਬੂਟੇ ਨੂੰ ਸੁਕਾਉਣ ਲਈ ਟੀਕਾ ਲਗਾ ਰਹੀ ਇਕ ਮੁਲਾਜ਼ਮ
ਵੈਨਕੂਵਰ, ਬਖ਼ਸ਼ਿੰਦਰ
 ‘ਜਾਇੰਟ ਹੌਗਵੀਡ’ ਨਸਲ ਦਾ ਇਕ ਬੂਟਾ 
ਇੱਥੋਂ ਦੇ ਜੰਗਲਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ਵਿਚ ਇਕ ਖ਼ਾਸ ਨਸਲ ਦੇ ਇਹੋ ਜਿਹਾ ਬੂਟੇ ੳੁੱਗਦੇ ਤੇ ਫੈਲਦੇ ਜਾ ਰਹੇ ਹਨ, ਜੋ ਮਨੁੱਖੀ ਸਰੀਰ ਲਈ ਬਹੁਤ ਖ਼ਤਰਨਾਕ ਹੀ ਨਹੀਂ, ਘਾਤਕ ਵੀ ਹਨ। ‘ਵਰਕ ਸੇਫ ਬੀ. ਸੀ.’ ਵੱਲੋਂ ਇੱਥੇ ‘ਸੀ. ਬੀ. ਸੀ.’ ਰਾਹੀਂ ਨਸ਼ਰ ਕੀਤੀ ਗਈ ਇਕ ਵਿਡੀਓ ਫ਼ਿਲਮ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ।
ਭਾਵੇਂ ਪਹਿਲਾਂ ਵੀ ਸਥਾਨਕ ਜੰਗਲਾਂ ਵਿਚ ‘ਪਾਇਜ਼ਨ ਓਕ’ ਤੇ ਹੋਰ ਜ਼ਹਿਰੀਲੇ ਬੂਟਿਆਂ ਅਤੇ ਦਰੱਖਤਾਂ ਦੇ ਹੋਣ ਬਾਰੇ ਅਕਸਰ ਹੀ ਦੱਸਿਆ ਜਾਂਦਾ ਹੈ, ਪਰ ਇਹ ਬੂਟਾ, ਜਿਸ ਨੂੰ ‘ਜਾਇੰਟ ਹੌਗਵੀਡ’ ਨਾਂ ਦਿੱਤਾ ਗਿਆ ਹੈ, ਹਾਲ ਹੀ ਵਿਚ ਨਜ਼ਰੀਂ ਪਿਆ ਹੈ। ‘ਬੀ. ਸੀ. ਪਲਾਂਟ ਕੌਂਸਲ’ ਦੀ ਮੁਜ਼ਾਜ਼ਮ ਗੇਲ ਵਾਲਿਨ ਦਾ ਕਹਿਣ ਹੈ ਕਿ ਇਹ ਬੂਟਾ, ਜੋ 5 ਮੀਟਰ ਉੱਚਾ ਵਧ ਸਕਦਾ ਹੈ, ‘ਫਰੇਜ਼ਰ ਵੈਲੀ’ ਅਤੇ ‘ਮੈਟਰੋ ਵੈਨਕੂਵਰ’ ਇਲਾਕਿਆਂ ਵਿਚ ਨਜ਼ਰ ਆਇਆ ਹੈ। ਇਹ ਬੂਟਾ, ਮਨੁੱਖੀ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਉਸ ਨੇ ਕਿਹਾ, “ਇਸ ਬੂਟੇ ਵਿਚ ਇਕ ਇਹੋ ਜਿਹਾ ਪਦਾਰਥ ਹੈ, ਜੋ ਧੁੱਪ ਲੱਗਣ ਮਗਰੋਂ ਕਿਸੇ ਪਿੰਡੇ ਨੂੰ ਲੱਗ ਜਾਵੇ ਤਾਂ ਉਸ ਸਰੀਰ ਨੂੰ ਸਾੜ ਲਾ ਦਿੰਦਾ ਹੈ। ਹੋਰ ਤਾਂ ਹੋਰ, ਇਸ ਦੇ ਸੰਪਰਕ ਵਿਚ ਆਇਆ ਕੋਈ ਬੰਦਾ ਅੰਨ੍ਹਾ ਵੀ ਹੋ ਸਕਦਾ ਹੈ।”
ਉਸ ਨੇ ਦੱਸਿਆ ਕਿ ਬੱਚੇ ਇਸ ਜ਼ਹਿਰੀਲੇ ਬੂਟੇ ਦੇ ਸੰਪਰਕ ਵਿਚ ਆ ਕੇ ਜ਼ਖ਼ਮੀ ਵੀ ਹੋ ਸਕਦੇ ਹਨ। ਵਾਲਿਨ ਦੇ ਕਹਿਣ ਅਨੁਸਾਰ, “ਇਸ ਬੂਟੇ ਦਾ ਤਣਾ ਅੰਦਰੋਂ ਪੋਲਾ ਤੇ ਖੋਖਲਾ ਹੁੰਦਾ ਹੈ, ਪਰ ਸਖ਼ਤ ਹੋਣ ਕਰ ਕੇ ਬੱਚੇ ਇਸ ਦੀਆਂ ਤਲਵਾਰਾਂ ਤੇ ਬੰਦੂਕਾਂ ਬਣਾ ਸਕਦੇ ਹਨ। ਇਸ ਤਰ੍ਹਾਂ ਕਰਦਿਆਂ ਬੱਚਿਆਂ ਦੇ ਹੱਥ ਨੰਗੇ ਹੋਣ ਕਾਰਨ ਇਸ ਬੂਟੇ ਦੇ ਤਣੇ ਅਮਦਰਲਾ ਜ਼ਹਿਰੀਲਾ ਮਾਦਾ ਬੱਚੇ ਦੇ ਜਿਸਮ ਨਾਲ ਲੱਗ ਕੇ ਜਿਸਮ ਉੱਤੇ ਮਾੜਾ ਅਸਰ ਪਾ ਸਕਦਾ ਹੈ। ਇਸ ਕਰ ਕੇ ਮਨੁੱਖੀ ਜਿਸਮ ਦਾ ਕੋਈ ਵੀ ਨੰਗਾ ਅੰਗ ਇਸ ਬੂਟੇ ਨਾ ਨਹੀਂ ਛੂਹਣਾ ਚਾਹੀਦਾ।”   
ਇਕ ਹੋਰ ਸੂਚਨਾ ਅਨੁਸਾਰ, ਇਹ ‘ਹਮਲਾਵਰ’ ਪੌਦਾ ਸਭ ਤੋਂ ਪਹਿਲਾਂ ਹਾਲ ਹੀ ਵਿਚ ਕੋਕੁਇਟਲਮ ਇਲਾਕੇ ਵਿਚ ਦੇਖਿਆ ਗਿਆ ਸੀ। ਲੋਕਾਂ ਨੂੰ ਕਿਹਾ ਗਿਆ ਕਿ ਉਹ ਇਸ ਬੂਟੇ ਨੂੰ ਦੇਖਣ ਸਾਰ ਪ੍ਰਸ਼ਾਸਨ ਨੂੰ ਸੂਚਨਾ ਦੇਣ। ਇਸ ਬੂਟੇ ਨੂੰ ਪਛਾਨਣ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਬੂਟੇ ਨੂੰ ਜੁਲਾਈ ਅਗੱਸਤ ਵਿਚ ਚਿੱਟੇ ਫੁੱਲ ਲੱਗਦੇ ਹਨ ਤੇ ਫੁੱਲਾਂ ਦੇ ਗੁੱਛੇ ਦਾ ਆਕਾਰ ਛਤਰੀ ਵਰਗਾ ਹੁੰਦਾ ਹੈ। ਇਹ ਬੂਟੇ ਆਮ ਤੌਰ ’ਤੇ ਸੜਕਾਂ ਤੇ ਰੇਲਵੇ ਲਾਈਨ ਦੇ ਨਾਲ-ਨਾਲ ਜਾਂ ਖਾਲੀ ਪਏ ਤੌੜਾਂ ਵਿਚ ਉੱਗਦੇ ਹਨ।