ਪ੍ਰਧਾਨਗੀ ਮੰਡਲ ਵਿਚ ਚਰਨਜੀਤ ਕੌਰ ਗਿੱਲ, ਮੰਗਾ ਬਾਸੀ ਅਤੇ ਡਾ. ਸਾਧੂ ਸਿੰਘ
ਸਮਾਗਮ ਦੇ ਹਾਜ਼ਰੀਨ

ਕੈਨੇਡਾ ਦੇ ਲੇਖਕਾਂ ਨੇ ਦਰਸ਼ਨ ਗਿੱਲ ਦੇ ਵਿਛੋੜੇ ਦਾ ਜਸ਼ਨ ਮਨਾਇਆ 
ਵੈਨਕੂਵਰ ਤੋਂ ਬਖ਼ਸ਼ਿੰਦਰ
ਜਿੰਨੀ ਸਿਮਜ਼
ਉੱਜਲ ਦੁਸਾਂਝ
ਇਹ ਖ਼ਬਰ ਪੜ੍ਹਦਿਆਂ ਹੈਰਾਨੀ ਵੀ ਹੋ ਸਕਦੀ ਹੈ ਕਿ ਭਲਾ ‘ਮੌਤ’ ਦੇ ਵੀ ‘ਜਸ਼ਨ’ ਮਨਾਏ ਜਾਂਦੇ ਹਨ। ਜੀ ਹਾਂ, ਕੈਨੇਡਾ ਵਿਚ ਮਨਾਏ ਜਾਂਦੇ ਹਨ ਤੇ ਮਰਨ ਵਾਲਾ ਡਾਕਟਰ ਦਰਸ਼ਨ ਗਿੱਲ ਬਹੁਤ ਵੱਡਾ ਚਿੰਤਕ, ਸਾਹਿੱਤਕਾਰ ਅਤੇ ਮਨੁੱਖਵਾਦੀ ਸੋਚ-ਵਿਚਾਰਾਂ ਬੰਦਾ ਹੋਵੇ ਤਾਂ ਉਸ ਦੀ ਮੌਤ ਦੇ ਜਸ਼ਨ ਨਾ ਸਿਰਫ਼ ਵੱਖਰੇ ਤੌਰ ’ਤੇ ਮਨਾਏ ਜਾਂਦੇ ਹਨ, ਸਗੋਂ ਵੱਡੇ ਪੱਧਰ ’ਤੇ ਵੀ ਮਨਾਏ ਜਾਂਦੇ ਹਨ।
“ਅੱਜ ਏਦਾਂ ਲੱਗਦੈ, ਜਿੱਦਾਂ ਅਸੀਂ ਦਰਸ਼ਨ ਗਿੱਲ ਵੱਲੋਂ, ਉਸ ਦੇ ਘਰ ਦੇ ਵਿਹੜੇ ਵਿਚ ਲਗਾਏ ਹੋੇਏ ਕਿਸੇ ਦਰੱਖ਼ਤ ਦੀ ਛਾਵੇਂ ਬੈਠ ਕੇ ਉਹ ਦੀਆਂ ਗੱਲਾਂ ਕਰਦੇ ਹੋਈਏ,” ਇਹ ਗੱਲ, ਡਾ. ਗਿੱਲ ਦੇ ਦੋਸਤ ਸਾਹਿੱਤਕਾਰ ਡਾ. ਸਾਧੂ ਸਿੰਘ ਨੇ ‘ਬੀ. ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ’, ਜਿਸ ਦੇ ਸੱਦੇ ’ਤੇ ਇਹ ਸਮਾਗਮ ਕੀਤਾ ਗਿਆ, ਦੇ ਹਵਾਲੇ ਨਾਲ ਕਹੀ। ਇਸ ਫਾਊਂਡੇਸ਼ਨ ਦੇ ਬਾਨੀ ਡਾ. ਗਿੱਲ ਹੀ ਸਨ। ਇਸ ਸੰਸਥਾ ਦੇ ਸੱਦੇ ’ਤੇ ਸਰੀ ਦੇ ਸਕਾਟ ਰੋਡ ਸਥਿਤ ਪਲਾਜ਼ਾ 106-8910 ਵਿਖੇ ਇਹ ਸਮਾਗਮ ਕਰਾਉਣ ਵਿਚ, ਕੇਂਦਰੀ ਲੇਖਕ ਸਭਾ (ਉੱਤਰੀ ਅਮਰੀਕਾ) ਅਤੇ ਪੰਜਾਬੀ ਲੇਖਕ ਮੰਚ, ਵੈਨਕੂਵਰ ਨੇ ਵੀ ਪੂਰਾ ਸਹਿਯੋਗ ਦਿੱਤਾ।
ਇਸ ਸਮਾਗਮ ਵਿਚ ਟੋਰਾਂਟੋ ਨੂੰ ਛੱਡ ਕੇ ਕੈਲਗਰੀ, ਐਡਮੌਂਟਨ ਅਤੇ ਕੈਮਲੂਪਸ ਤੋਂ ਆਏ ਪੰਜਾਬੀ ਸਾਹਿੱਤਕਾਰਾਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਸ਼ਹਿਰਾਂ ਦੀਆਂ ਸਹਿੱਤ ਸਭਾਵਾਂ ਤੇ ਸਭਿਆਚਾਰਕ ਸੰਸਥਾਵਾਂ ਨੇ ਵੀ ਇਸ ਸਮਾਗਮ ਵਿਚ ਆਪਣੇ ਨੁਮਾਇੰਦੇ ਭੇਜੇ। ਸਮਾਗਮ ਦਾ ਆਗ਼ਾਜ਼ ਬੀਬੀ ਇਕਬਾਲ ਸੋਮਲ ਨੇ ਡਾ. ਦਰਸ਼ਨ ਗਿੱਲ ਦੀ ਇਕ ਗ਼ਜ਼ਲ ਗਾ ਕੇ ਕੀਤਾ। ਸਿਹਤ ਖ਼ਰਾਬ ਹੋਣ ਕਾਰਨ ਸ਼ਿਰਕਤ ਨਾ ਕਰ ਸਕੇ ਸ਼ਾਇਰ ਗੁਰਚਰਨ ਰਾਮਪੁਰੀ ਵੱਲੋਂ ਭੇਜਿਆ ਗਿਆ ਲਿਖਤੀ ਸੁਨੇਹਾ ਜੋਗਿੰਦਰ ਸ਼ਮਸ਼ੇਰ ਨੇ ਪੜ੍ਹ ਕੇ ਸੁਣਾਇਆ।
ਡਾ. ਰਘਬੀਰ ਸਿੰਘ ‘ਸਿਰਜਣਾ’ ਨੇ ਡਾ. ਗਿੱਲ ਨਾਲ ਤਕਰੀਬਨ ਪੰਜ ਦਹਾਕਿਆਂ ਦੀ ਪਰਿਵਾਰਕ ਸਾਂਝ ਦਾ ਜ਼ਿਕਰ ਕੀਤਾ, ਜਿਸ ਵਿਚ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦੀ ਸ਼ਿਕਾਰ ਹੋਈ , ਡਾ. ਗਿੱਲ ਦੀ ਪਤਨੀ ‘ਮਨਜੀਤ’ ਅਤੇ ਦੂਜੀ ਪਤਨੀ ‘ਚਰਨਜੀਤ’ ਦਾ ਜ਼ਿਕਰ ਵੀ ਆਇਆ। ਬੀ. ਸੀ. ਦੇ ਸਾਬਕਾ ਮੁੱਖ ਮੰਤਰੀ ਅਤੇ ਕੈਨੇਡਾ ਦੇ ਸਿਹਤ ਮੰਤਰੀ ਰਹੇ ਉੱਜਲ ਦੁਸਾਂਝ ਨੇ ਬਹੁਤ ਹੀ ਸੰਖੇਪ ਜਿਹੀ ਤਕਰੀਰ ਕਰਦਿਆਂ ਕਿਹਾ, “ਦਰਸ਼ਨ ਮੇਰਾ ਦੋਸਤ ਹੀ ਨਹੀਨ ਸੀ, ਮੈਨੂੰ ਝਿੜਕ ਕੇ ਸਿੱਧੇ ਰਾਹ ਪਾਉਣ ਵਾਲ਼ਾ ਰਹਿਬਰ ਵੀ ਸੀ। ਉਸ ਦੇ ਸਦਾ ਲਈ ਤੁਰ ਜਾਣ ਨਾਲ਼ ਮੈਨੂੰ ਬਹੁਤ ਘਾਟਾ ਪਿਆ ਹੈ।
ਇਸ ਮੌਕੇ ’ਤੇ ਬਣਾਏ ਗਏ ਰਸਮੀ ਪ੍ਰਧਾਨਗੀ ਮੰਡਲ ਵਿਚ ਡਾ. ਗਿੱਲ ਦੀ ਪਤਨੀ ਚਰਨਜੀਤ ਗਿੱਲ, ਪੰਜਾਬੀ ਲੇਖਕ ਮੰਚ ਦੇ ਪ੍ਰਧਾਨ ਮੰਗਾ ਬਾਸੀ ਨੂੰ ਸ਼ਾਮਲ ਕੀਤਾ ਗਿਆ ਤੇ ਮੰਚ ਦੀ ਕਾਰਵਾਈ ਡਾ ਸਾਧੂ ਸਿੰਘ ਨੇ ਬਹੁਤ ਹੀ ਭਾਵਪੂਰਨ ਢੰਗ ਨਾਲ ਚਲਾਈ।
ਇਸ ਦੌਰਾਨ ਹੀ ਹਰਜਿੰਦਰ ਸਿੰਘ ਥਿੰਦ ਵੱਲੋਂ ਡਾ. ਦਰਸ਼ਨ ਗਿੱਲ ਨਾਲ ਟੈਲੀਵਿਜਨ ਲਈ ਕੀਤੇ ਹੋਏ ਇਕ ਇੰਟਰਵਿਊ ਦੇ ਕੁੱਝ ਅੰਸ਼ ਦਿਖਾਏ ਗਏ। ਇਹ ਇੰਟਰਵਿਊ, ਡਾਕਟਰਾਂ ਵੱਲੋਂ ਡਾ. ਗਿੱਲ ਦੀ ਰਹਿੰਦੀ ਉਮਰ ਦੀ ਮਿਆਦ ਐਲਾਨਣ ਤੋਂ ਬਾਅਦ ਉਦੋਂ ਕੀਤਾ ਗਿਆ ਸੀ ਜਦੋਂ ਉਨ੍ਹਾਂ ਦੀ ਮੌਤ ਬਹੁਤ ਕਰੀਬ ਸੀ।
 ਇਹ ਗੱਲਬਾਤ ਰਿਕਾਰਡ ਕਰਾਉਣ ਸਮੇਂ ਡਾ. ਗਿੱਲ ਦਾ ਬਹੁਤ ਚੜ੍ਹਦੀ ਕਲਾ ਵਿਚ ਦਿਸਣਾ, ਇਹ ਵੀ ਦਰਸਾਉਂਦਾ ਹੈ ਕਿ ਉਸ ਵੇਲ਼ੇ ਉਨ੍ਹਾਂ ਨੂੰ ਮੌਤ ਦਾ ਕੋਈ ਭੈਅ ਨਹੀਂ ਸੀ। ਇਸ ਗੱਲਬਾਤ ਦਾ ਸਾਰ ਇਹ ਸੀ, “ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਉਹ ਕਰੋ, ਜੋ ਤੁਹਾਡਾ ਮਨ ਕਹਿੰਦਾ ਹੈ।” ਸ਼੍ਰੀ ਥਿੰਦ ਨੇ ਉਨ੍ਹਾਂ ਨੂੰ ਕੋਈ ਸੁਨੇਹਾ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ, “ਮੈਨੂੰ ਮਰਨ ਦਾ ਕੋਈ ਗ਼ਮ ਨਹੀਂ ਹੈ ਕਿਉਂ ਕਿ ਮੈਂ ਭਰਪੂਰ ਜ਼ਿੰਦਗ਼ੀ ਜੀ ਚੁੱਕਾ ਹਾਂ। ਮੈਂ ਆਪਣੇ ਹਿੱਸੇ ਦੇ ਬਹੁਤ ਸਾਰੇ ਕੰਮ ਨਿਬੇੜ ਚੁੱਕਾ ਹਾਂ। ਸਾਨੂੰ ਆਪਣੇ ਕੰਮ ਕਰਦਿਆਂ, ਆਪਣੇ ਆਲੇ-ਦੁਆਲੇ ਦੇ ਵੀ ਕੰਮ ਆਉਣਾ ਚਾਹੀਦਾ ਹੈ। ਸਾਨੂੰ ਕਦੇ ਵੀ ‘ਸੈਲਫਸੈਂਟਰਡ’ ਨਹੀਂ ਹੋਣਾ ਚਾਹੀਦਾ।” ਸ਼੍ਰੀ ਥਿੰਦ ਨੇ ਇਸ ਮੌਕੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਡਾ. ਗਿੱਲ ਆਪਣੇ ਅਸੂਲਾਂ ’ਤੇ ਅੜਨ ਵਾਲ਼ੇ ਵੀ ਸਨ ਤੇ ਉਹ ਸਟੈਂਡ ਲੈਣ ਵਾਲੇ ਵੀ ਸਨ।
ਸੰਸਦ ਮੈਂਬਰ ਜਿੰਨੀ ਸਿਮਜ਼ ਨੇ ਕਿਹਾ ਕਿ ਡਾ. ਗਿੱਲ ਦੇ ਤੁਰ ਜਾਣ ਦਾ ਗ਼ਮ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦੀਆਂ ਗੱਲਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤੇ ਇਹ ਗੱਲਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇਸ ਮੌਕੇ ’ਤੇ ਡਾ. ਗਿੱਲ ਦੀਆਂ ਪ੍ਰਾਪਤੀਆਂ ਗਿਣਾਉਣ ਵਾਲਿਆਂ ਤੇ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਨ ਵਾਲ਼ਿਆਂ ਵਿਚ ਸਾਊਥ ਏਸ਼ੀਅਨ ਲਿਟਰੇਰੀ ਸੋਸਾਇਟੀ ਦੇ ਨੁਮਾਇੰਦੇ ਅਚਾਰੀਆ ਦਿਵੇਦੀ, ਡਾ. ਸੁਰਿੰਦਰ ਧੰਜਲ (ਕੈਮਲੂਪਸ), ਅਜਮੇਰ ਰੋਡੇ, ਸੁਖਵੰਤ ਹੁੰਦਲ, ਪਾਲ ਢਿੱਲੋਂ (ਵਰਨੋਨ), ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਕਿਰਪਾਲ ਬੈਂਸ, ਬਲਵੰਤ ਸੰਘੇੜਾ, ਬਲਜਿੰਦਰ ਢਿੱਲੋਂ, ਹਰਪ੍ਰੀਤ ਸੇਖਾ, ਦੇਵ, ਜਰਨੈਲ ਸਿੰਘ ਸੇਖਾ, ਚੇਤਨਾ ਪ੍ਰਕਾਸ਼ਨ ਵਾਲ਼ੇ ਸਤੀਸ਼ ਗੁਲਾਟੀ, ਸਾਧੂ ਬਿਨਿੰਗ, ਰੇਡੀਓ ਹੋਸਟ ਗੁਰਪ੍ਰੀਤ, ਚਿਤਰਕਾਰ ਜਰਨੈਲ ਸਿੰਘ, ਮੋਹਨ ਗਿੱਲ, ਸਾਥੀ ਲੁਧਿਆਣਵੀ, ਹਰੀਪਾਲ, ਇਕਬਾਲ ਖ਼ਾਨ, ਡਾ. ਹਰਭਜਨ ਢਿੱਲੋਂ, ਗੁਰਬਚਨ ਬਰਾੜ, ਤਰਲੋਚਨ, ਮਹਿੰਦਰ ਪਾਲ (ਸਾਰੇ ਹੀ ਕੈਲਗਰੀ ਤੋਂ), ਗੁਰਚਰਨ ਟੱਲੇਵਾਲੀਆ, ਕੁਲਵੰਤ ਢੇਸੀ, ਇੰਦਰਜੀਤ ਕੌਰ ਸਿੱਧੂ, ਪ੍ਰਿੰ. ਸੁਰਿੰਦਰ ਪਾਲ ਕੌਰ ਬਰਾੜ, ਮਨਜੀਤ ਮੀਤ, ਚਰਨ ਵਿਰਦੀ, ਕ੍ਰਿਸ਼ਨ ਭਨੋਟ, ਸ਼ਾਤੀ ਸਰੂਪ (ਐਬਟਸਫੋਰਡ), ਗੁਰਚਰਨ ਸਿੰਘ ਗਿੱਲ ਮਨਸੂਰ, ਹਰਬੰਸ ਢਿੱਲੋਂ, ਅਮਰਜੀਤ ਕੌਰ ਸ਼ਾਂਤ ਅਤੇ ਸੁਖਮਿੰਦਰ ਸਿੰਘ ਚੀਮਾ ਵੀ ਸ਼ਾਮਲ ਸਨ।#