ਸੌ ਨਸ਼ੱਈ ਡਰਾਈਵਰ ਕਾਬੂ
ਇਕ ਡਰਾਈਵਰ ਬੀਬੀ ਨੂੰ ਰੋਕ ਕੇ ਉਸ ਦੀ ਨਸ਼ੇ ਸਬੰਧੀ ਪਰਖ ਕਰਦਾ ਇਕ ਪੁਲਸ ਅਫ਼ਸਰ





ਵੈਨਕੂਵਰ, ਬਖ਼ਸ਼ਿੰਦਰ
ਇਸ ਸ਼ਹਿਰ ਵਿਚ ਪਿਛਲੇ ਦਿਨੀਂ ਪੁਲਸ ਵੱਲੋਂ ਛੇ ਦਿਨ, ਨਸ਼ਾ ਕਰ ਕੇ ਗੱਡੀ ਚਲਾਉਣ ਵਾਲਿਆਂ ਦੀ ਪੜਤਾਲ ਕਰਨ ਲਈ ਇਕ ਮੁਹਿੰਮ ਚਲਾਈ ਗਈ, ਜਿਸ ਵਿਚ 100 ਤੋਂ ਵੱਧ ਡਰਾਈਵਰ, ਨਸ਼ਾ ਕਰ ਕੇ ਗੱਡੀ ਚਲਾਉਣ ਦੇ ਕਸੂਰਵਾਰ ਠਹਿਰਾਏ ਗਏ ਤੇ ਉਨ੍ਹਾਂ ਤੋਂ ਗੱਡੀ ਚਲਾਉਣ ਦਾ ਹੱਕ ਖੋਹ ਲਿਆ ਗਿਆ।
ਇਹ ਜਾਣਕਾਰੀ ਦਿੰਦਿਆਂ ਪੁਲਸ ਕਾਂਸਟੇਬਲ ਲਿੰਡਸੇ ਹਾਊਟਨ ਨੇ ਦੱਸਿਆ ਕਿ ਇਸ ਪੜਤਾਲ ਦੌਰਾਨ ਪੁਲਸ ਨੂੰ 500 ਡਰਾਈਵਰਾਂ ’ਤੇ ਨਸ਼ਾ ਕੀਤਾ ਹੋਣ ਦਾ ਸ਼ੱਕ ਪਿਆ, ਜਿਸ ਕਰ ਕੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਮੂੰਹਾਂ ਵਿਚ ‘ਬ੍ਰੀਦਅਨਾਲਾਈਜ਼ਰ ਡੀਵਾਈਸ’ (ਸਾਹ ਪਰਖ ਮਸ਼ੀਨ) ਲਗਾਈ ਗਈ। ਉਨ੍ਹਾਂ ਵਿਚੋਂ ਤਕਰੀਬਨ 100 ਡਰਾਈਵਰਾਂ ਨੇ ਨਸ਼ਾ ਕੀਤਾ ਹੋਇਆ ਸੀ। ਇਸ ਪੁਲਸ ਕਾਂਸਟੇਬਲ ਬੀਬੀ ਨੇ ਦੱਸਿਆ ਕਿ ਪਿਛਲੇ ਸਿਆਲ ਵਿਚ ਵੀ ਸੜਕ ਉੱਤੇ ਡਰਾਈਵਰਾਂ ਨੂੰ ਰੋਕ ਕੇ ਇਸ ਤਰ੍ਹਾਂ ਦਾ ਟੈਸਟ ਕੀਤਾ ਗਿਆ ਸੀ ਤੇ ਤਕਰੀਬਨ ਇੰਨੇ ਹੀ ਡਰਾਈਵਰਾਂ ਵੱਲੋਂ ਨਸ਼ਾ ਕੀਤਾ ਹੋਣ ਦਾ ਪਤਾ ਲੱਗਿਆ ਸੀ। ਉਸ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਬਹੁਤ ਹੀਲੇ ਕਰਨ ਦੇ ਬਾਵਜੂਦ ਇੰਨੇ ਕੁ ਡਰਾਈਵਰਾਂ ਨੇ ਨਸ਼ਾ ਕੀਤਾ ਹੀ ਹੁੰਦਾ ਹੈ ਤੇ ਇਹ ਗਿਣਤੀ ਘਟਦੀ ਨਹੀਂ ਹੈ।
ਉਸ ਨੇ ਕਿਹਾ, “ਇਸ ਸਬੰਧ ਵਿਚ ਬਹੁਤ ਸਾਰਾ ਪ੍ਰਚਾਰ ਕਰਨ ਦੇ ਬਾਵਜੂਦ ਲੋਕ ਇਹ ਗੱਲ ਨਹੀਂ ਸਮਝਦੇ ਕਿ ਨਸ਼ਾ ਕਰ ਕੇ ਗੱਡੀ ਚਲਾਉਣਾ ਬਹੁਤ ਖ਼ਤਰਨਾਕ ਹੈ। ਜਦੋਂ ਦੇਖੋ ਇਨੇ ਕੁ ਨਸ਼ੱਈ ਡਰਾਈਵਰ ਮਿਲ ਹੀ ਜਾਦੇ ਹਨ। ਇਹ ਗੱਲ ਬਹੁਤ ਹੀ ਸਿੱਧੀ ਜਿਹੀ ਹੈ ਕਿ ਜੇ ਤੁਸੀਂ ਨਸ਼ਾ ਕਰਨਾ ਹੀ ਹੈ ਤਾਂ ਗੱਡੀ ਨਾ ਚਲਾਓ। ਨਸ਼ਾ ਕਰਨ ਤੋਂ ਪਹਿਲਾਂ ਇਸ ਬਾਰੇ ਸਕੀਮ ਬਣਾ ਲੈਣੀ ਚਾਹੀਦੀ ਹੈ ਕਿ ਹੁਣ ਅੱਗੋਂ ਗੱਡੀ ਕਿਸ ਨੇ ਚਲਾਉਣੀ ਹੈ ਤੇ ਗੱਡੀ ਚਲਾਉਣ ਵਾਲ਼ਾ ਆਪ ਨਸ਼ਾ ਨਾ ਕਰੇ।”
ਓਦਾਂ ਪਿਛਲੇ ਸਾਲ ਤੋਂ ਸਰਕਾਰ ਵੱਲੋਂ ਲੋਕਾਂ ਨੂੰ ਨਸ਼ਾ ਕਰ ਕੇ ਗੱਡੀਆਂ ਚਲਾਉਣ ਤੋਂ ਰੋਕਣ ਲਈ ਬਹੁਤ ਸਖ਼ਤ ਕਾਨੂੰਨ ਲਾਗੂ ਕੀਤੇ ਹੋਏ ਹਨ, ਜਿਨ੍ਹਾਂ ਅਧੀਨ ਜੇ ਕੋਈ ਨਸ਼ਾ ਕਰ ਕੇ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਤਿੰਨ ਲਈ ਗੱਡੀ ਚਲਾਉਣ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ। ਸੋਮਵਾਰ ਨੂੰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੋਂ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ, ਸ਼ਰਾਬ ਪੀਣ ਕਾਰਨ ਹਾਦਸੇ ਹੋਣ ਤੇ ਉਨ੍ਹਾਂ ਵਿਚ ਮੌਤਾਂ ਹੋਣ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਅੱਧੇ ਰਹਿ ਗਏ ਹਨ।