SwhI joVI i^lw& muzwhry
ਸ਼ਾਹੀ ਜੋੜੀ ਦੇ ਕੈਨੇਡਾ ਦੌਰੇ ’ਤੇ ਕੈਨੇਡਾ ਸਰਕਾਰ ਵਲੋਂ ਮੋਟੀਆਂ ਰਕਮਾਂ ਖ਼ਰਚੀਆਂ ਜਾਣ ਦੇ ਖ਼ਿਲਾਫ਼ ਮੌਂਟਰੀਆਲ ਵਿਚ ਕੀਤੇ ਗਏ ਮੁਜ਼ਾਹਰੇ ਦੀ ਇਕ ਝਲਕ, ਜਿਸ ਵਿਚ ਮੁਜ਼ਾਹਰਾਕਾਰੀਆਂ ਵੱਲੋਂ ਫੜੇ ਹੋਏ ਬੈਨਰ ਉੱਤੇ ਅੰਗਰੇਜ਼ੀ ਵਿਚ ‘ਲੋਕਾਂ ਦੇ ਅੰਨ ’ਤੇ ਪਲਣ ਵਾਲਿਓ ਸ਼ਾਹੀ ਕੀੜਿਓ ਆਪਣੇ ਘਰ ਜਾਓ!’ ਲਿਖਿਆ ਦਿਸਦਾ ਹੈ

ਕਿਊਬੈੱਕ ਵਿਚ ਸ਼ਾਹੀ ਜੋੜੀ ਦੇ ਖ਼ਿਲਾਫ਼ ਕੀਤੇ ਗਏ ਇਕ ਮੁਜ਼ਾਹਰੇ ਵਿਚ ਮੁਜ਼ਾਹਰਾਕਾਰੀਆਂ ਵੱਲੋਂ ਫੜੇ ਹੋਏ ਬੈਨਰ ਉੱਤੇ ਸਥਾਨਕ ਭਾਸ਼ਾ ਅਤੇ ਅੰਗਰੇਜ਼ੀ ਵਿਚ ‘ਅਸੀਂ ਆਪਣੇ ਹੱਕ ਨਹੀਂ ਛੱਡਣੇ, ਵਿਲੀ ਤੂੰ ਘਰ ਜਾਹ!’ ਲਿਖਿਆ ਹੋਇਆ ਨਜ਼ਰ ਆਉਂਦਾ ਹੈ
ਵੈਨਕੋਵਰ ਤੋਂ ਬਖ਼ਸ਼ਿੰਦਰ
ਬਰਤਾਨੀਆ ਦੀ ਸ਼ਾਹੀ ਜੋੜੀ ਵੱਲੋਂ ਕੈਨੇਡਾ ਦਾ ਦੌਰਾ ਕਰਨ ਦੌਰਾਨ ਉਸ ਦੀ ‘ਜੈ-ਜੈਕਾਰ’ ਹੀ ਨਹੀਂ ਹੋਈ, ਕਈ ਥਾਈਂ ਲੋਕਾਂ ਨੇ ਸ਼ਹਿਜ਼ਾਦਾ ਵਿਲੀਅਮ ਤੇ ਉਸ ਦੀ ਸੱਜ-ਵਿਆਹੀ ਲਾੜੀ ਕੈਥਰੀਨ (ਕੇਟ ਮਿਡਲਟਨ) ਵਿਰੁੱਧ ਮੁਜ਼ਾਹਰੇ ਵੀ ਕੀਤੇ ਹਨ। ਕੈਨੇਡਾ ਦੇ ਕਈ ਸੂਬਿਆਂ ਤੋਂ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਪੁੱਜੀਆਂ ਖ਼ਬਰਾਂ ਅਨੁਸਾਰ, ਸਨਿੱਚਰਵਾਰ ਦੀ ਰਾਤ ਨੂੰ ਸ਼ਹਿਜ਼ਾਦਾ ਵਿਲੀਅਮ ਤੇ ਕੇਟ ਦੇ, ਮੌਂਟਰੀਆਲ ਪੁੱਜਣ ਸਾਰ ਉਨ੍ਹਾਂ ਨੂੰ ਇਕ ਜਥੇਬੰਦ ਮੁਜ਼ਾਹਰੇ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਹੀ ਕਿਊਬੈੱਕ ਵਿਚ ਵੀ ਕੈਨੇਡਾ ਦੇ ਜੱਦੀ ਵਾਸੀਆਂ ‘ਰੈੱਡ ਇੰਡੀਅਨਜ਼’ ਨੇ ਸ਼ਾਹੀ ਜੋੜੀ ਵਿਰੁੱਧ ਮੁਜ਼ਾਹਰਾ ਕੀਤਾ।
ਮੌਂਟਰੀਆਲ ਵਿਚ ਜਿਉਂ ਹੀ ਸ਼ਾਹੀ ਜੋੜੀ, ‘ਸੈਂਟ-ਜਸਟਾਈਨ ਯੂਨੀਵਰਸਿਟੀ ਹੌਸਪੀਟਲ ਪੁੱਜੀ, ਉਸ ਨੂੰ ਤਿੱਖੇ ਮੁਜ਼ਾਹਰੇ ਦਾ ਸਾਹਮਣਾ ਕਰਨਾ ਪੈ ਗਿਆ। ਮੁਜ਼ਾਹਰਾਕਾਰੀਆਂ ਵੱਲੋਂ ਫੜੇ ਹੋਏ ਬੈਨਰਾਂ ਉੱਤੇ ਅੰਗਰੇਜ਼ੀ ਵਿਚ ‘ਲੋਕਾਂ ਦੇ ਅੰਨ ’ਤੇ ਪਲਣ ਵਾਲਿਓ ਸ਼ਾਹੀ ਕੀੜਿਓ ਆਪਣੇ ਘਰ ਜਾਓ!’ ਲਿਖਿਆ ਹੋਇਆ ਸੀ। ਭਾਂਵੇਂ ਮੁਜ਼ਾਹਰਾਕਾਰੀਆਂ ਦੀ ਗਿਣਤੀ, ਯੁਵਰਾਜ ਤੇ ਉਸ ਦੀ ਯੁਵਰਾਣੀ ਦੇ ‘ਦਰਸ਼ਨ’ ਕਰਨ ਆਏ ਲੋਕਾਂ ਦੀ ਗਿਣਤੀ ਨਾਲੋਂ ਘੱਟ ਸੀ, ਪਰ ਮੁਜ਼ਾਹਰਾਕਾਰੀਆਂ ਨੇ ਰੋਸ ਪ੍ਰਗਟ ਕਰਨ ਵਿਚ ਕੋਈ ਕਸਰ ਨਾ ਰਹਿਣ ਦਿੱਤੀ। ਮੁਜ਼ਾਹਰਾਕਾਰੀਆਂ ਦੇ ਇਕ ਬੁਲਾਰੇ ਗੁੱਲਾਯੂਮੇ ਮਾਰਟਿਨ ਨੇ ਪੱਤਰਕਾਰਾਂ ਨੂੰ ਸੁਣਾ ਕੇ ਕਿਹਾ, “ਅਸੀਂ ਰਾਜਾਸ਼ਾਹੀ ਨੂੰ ਬੀਤ ਚੁੱਕੀ ਪ੍ਰਥਾ ਮੰਨਦੇ ਹਾਂ ਤੇ ਅਸੀਂ ਇਨ੍ਹਾਂ ਦੇ ਸੈਰ-ਸਪਾਟੇ ਦਾ ਖ਼ਰਚਾ ਕਿਉਂ ਭਰੀਏ?”
ਦੂਜੇ ਪਾਸੇ ਕੈਨੇਡਾ ਸਰਕਾਰ ਦਾ ਕਹਿਣ ਹੈ, “ਸ਼ਾਹੀ ਜੋੜੀ ਦੇ ਦੌਰੇ ’ਤੇ ਆਇਆ, ਸਾਢੇ ਨੌਂ ਲੱਖ ($950,000) ਡਾਲਰ ਦਾ ਖ਼ਰਚ ਬਹੁਤ ਮਾਮੂਲੀ ਹੈ। ਇਹ ਰਕਮ ਕੈਨੇਡਾ ਦੇ ਲੋਕਾਂ ਵੱਲੋਂ ਕੁੱਝ-ਕੁੱਝ ‘ਸੈਂਟਸ’ ਪਾਉਣ ਨਾਲ ਹੀ ਪੂਰੀ ਹੋ ਜਾਣੀ ਹੈ।” ਸ਼ਾਹੀ ਜੋੜੀ ਨੇ ਇਸ ਮੁਜ਼ਾਹਰੇ ਦੀ ਪ੍ਰਵਾਹ ਨਾ ਕਰਦਿਆਂ ਇਸ ਹਸਪਤਾਲ ਵਿਚ ਤਕਰੀਬਨ ਇਕ ਘੰਟਾ, ਕੈਂਸਰ ਦੇ ਮਰੀਜ਼ ਬੱਚਿਆਂ ਨਾਲ ਗੱਲਾਂ ਕਰਦਿਆਂ ਬਿਤਾਇਆ।
ਐਤਵਾਰ ਨੂੰ ਜਦੋਂ ਵਿਲੀਅਮ ਤੇ ਕੇਟ ਮਿਡਲਟਨ, ਵੱਖਵਾਦੀ ਲਹਿਰਾਂ ਲਈ ਬਦਨਾਮ ਕਿਊਬੈੱਕ ਗਏ ਤਾਂ ‘ਕਿਊਬੈੱਕ ਰਿਜ਼ਿਸਟੈਂਸ ਨੈੱਟਵਰਕ’ ਦੇ ਮੈਂਬਰਾਂ ਨੇ ਸ਼ਾਹੀ ਜੋੜੀ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਸਿਟੀ ਹਾਲ ਦੇ ਸਾਹਮਣੇ ਕੀਤਾ ਗਿਆ। ਇਸ ਜਥੇਬੰਦੀ ਦੇ ਬੁਲਾਰੇ ਪੈਟਰਿਕ ਬੋਰਜਿਓਸ ਨੇ ਕਿਹਾ ਕਿ ਵੱਖਵਾਦੀ ਤਾਕਤਾਂ ਇਹ ਦੱਸਣਾ ਚਾਹੁੰਦੀਆਂ ਹਨ ਕਿ “ਕਿਊਬੈੱਕ ਵਿਚ ਰਾਜਾਸ਼ਾਹੀ ਦੇ ਪੱਲੇ ਦੁਰ-ਦੁਰ ਹੀ ਪਵੇਗੀ।”
ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਕਿਊਬੈੱਕ ਦੀ 80 ਫੀ ਸਦੀ ਅਬਾਦੀ ਫਰੈਂਚ ਭਾਸ਼ਾ ਬੋਲਦੀ ਹੈ। 1964 ਵਿਚ ਇੱਥੇ ਆਈ ਮਲਕਾ ਦੇ ਖ਼ਿਲਾਫ਼ ਬਹੁਤ ਜ਼ੋਰਦਾਰ ਮੁਜ਼ਾਹਰੇ ਹੋਏ ਸਨ ਤੇ ਉਦੋਂ ਤੋਂ ਮਲਕਾ ਨੇ ਕਦੇ ਇੱਥੇ ਆਉਣ ਦਾ ਜੇਰਾ ਨਹੀਂ ਕੀਤਾ। ਦੋ ਸਾਲ ਪਹਿਲਾਂ ਹੀ ਸ਼ਹਿਜ਼ਾਦਾ ਚਾਰਲਸ ਤੇ ਉਸ ਦੀ ਦੂਜੀ ਬੀਵੀ ਕੈਮਿਲਾ ਪਾਰਕਰ ਇੱਥੇ ਮੁਜ਼ਾਹਰਾਕਾਰੀਆਂ ਤੇ ਪੁਲੀਸ ਦੀਆਂ ਮੁੱਠਭੇੜਾਂ ਵਿਚ ਫਸ ਗਏ ਸਨ। ਇਸ ਇਲਾਕੇ ਵਿਚੋਂ ਸ਼ਾਹੀ ਜੋੜੀ ਦਾ ਸਹੀ-ਸਲਾਮਤ ਲੰਘ ਜਾਣਾ ਵੀ ਬਹੁਤ ਵੱਡੀ ਗੱਲ ਸਮਝਿਆ ਜਾ ਰਿਹਾ ਹੈ।