kwly ir`C qoN bcwieAw gorw
ਵੈਨਕੋਵਰ ਤੋਂ ਬਖ਼ਸ਼ਿੰਦਰ

ਆਪਣੀ ਵਿਥਿਆ ਸੁਣਾਉਂਦਾ ਸਕਾਟ ਸਮਿੱਥ
ਉੱਤਰੀ ਵੈਨਕੋਵਰ ਵਿਚ ‘ਜੌਗਿੰਗ’ ਕਰਦੇ ਇਕ ‘ਗੋਰੇ’ ਉੱਤੇ ਹਮਲਾ ਕਰਨ ਦੀ ਨੀਅਤ ਨਾਲ ਇਕ ਕਾਲ਼ੇ ਰਿੱਛ ਨੇ ਉਸ ਮਗਰ ਦੌੜ ਲਾਈ, ਪਰ ਕੁੱਝ ਕੁੱਤਿਆਂ ਨੇ ਰਿੱਛ ਦਾ ਹਮਲਾ ਪਛਾੜ ਕੇ ਉਸ ਦੀ ਜਾਨ ਬਚਾਈ। ਸਕਾਟ ਸਮਿੱਥ ਨਾਂ ਦੇ ਇਸ ਗੋਰੇ ਨੇ ਮੀਡੀਆ ਨੂੰ ਦੱਸਿਆ ਕਿ ਉਹ ਬੁੱਧਵਾਰ ਨੂੰ ਮਾਊਂਟ ਸੀਅਮੋਰ ਦੇ ਨਾਲ-ਨਾਲ ਹੌਲ਼ੀ-ਹੌਲ਼ੀ ਦੌੜ ਰਿਹਾ ਸੀ ਕਿ ਅਚਾਨਕ ਹੀ ਕਿਸੇ ਝਾੜੀ ਉਹਲਿਓਂ ਇਕ ਰਿੱਛ ਨਿੱਕਲ ਆਇਆ।
ਉਸ ਨੇ ਕਿਹਾ, “ਉਹ ਰਿੱਛ ਬਹੁਤ ਵੱਡਾ ਤੇ ਕਾਲੇ ਰੰਗ ਦਾ ਸੀ ਤੇ ਉਸ ਨੇ ਨਿੱਕਲਦਿਆਂ ਹੀ ਮੇਰੇ ਮਗਰ ਦਾਬ ਦੇ ਦਿੱਤੀ। ਮੇਰਾ ਤੌਰ ਭੌਂ ਗਿਆ ਤੇ ਮੈਨੂੰ ਸਮਝ ਨਾ ਆਵੇ ਕਿ ਮੈਂ ਕੀ ਕਰਾਂ। ਮੇਰੇ ਕੋਲ ਤੇਜ਼ੀ ਨਾਲ ਦੌੜਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।” ਉਸ ਨੇ ਦੱਸਿਆ ਕਿ ਉਹ ਰਿੱਛ ਉਸ ਦੀਆਂ ਅੱਡੀਆਂ ਮਿੱਧਦਾ ਆ ਰਿਹਾ ਸੀ। ਉਸ ਦਾ ਦਮ ਟੁੱਟਦਾ ਜਾ ਰਿਹਾ ਸੀ। ਉਸ ਨੇ ਇਕ ਝਾੜੀ ਵਿਚ ਛਾਲ ਮਾਰ ਕੇ ਲੁਕਣ ਦੀ ਕੋਸ਼ਿਸ਼ ਵੀ ਕੀਤੀ। ਪਰ ਰਿੱਛ ਨੇ ਉਸ ਨੂੰ ਉੱਥੋਂ ਵੀ ਲੱਭ ਲਿਆ ਤੇ ਉਹ ਆਪਣੀਆਂ ਪਿਛਲੀਆਂ ਲੱਤਾਂ ਭਾਰ ਖੜ੍ਹ ਕੇ ਉਸ ਵੱਲ ਦੇਖ ਰਿਹਾ ਸੀ।
ਸਮਿੱਥ ਨੇ ਕਿਹਾ ਕਿ ਇੰਨੇ ਵਿਚ ਉਸ ਨੂੰ ਕੁੱਤੇ ਭੌਂਕਣ ਦੀ ਆਵਾਜ਼ ਸੁਣੀ। ਕੁੱਤੇ ਭੌਂਕਦੇ ਸੁਣ ਕੇ ਉਹ ਰਿੱਛ ਪਿੱਛਲਖੁਰੀ ਦੌੜ ਗਿਆ। ਉਸ ਨੇ ਦੱਸਿਆ ਕਿ ਇਹ ਚਾਰ ਕੁੱਤੇ, ਉਨ੍ਹਾਂ ਨੂੰ ਸੈਰ ਕਰਾਉਣ ਵਾਲੇ ਇਕ ਬੰਦੇ ਨੇ ਫਵੇ ਹੋਏ ਸਨ। ਸਮਿੱਥ ਦਾ ਕਹਿਣ ਹੈ, “ਜੇ ਉਹ ਕੁੱਤੇ ਉਸ ਰਿੱਛ ਨੂੰ ਨਾ ਦਿਸਦੇ ਤਾਂ ਉਸ ਨੇ ਮੇਰੇ ਉੱਤੇ ਹਮਲਾ ਕਰ ਦੇਣਾ ਸੀ।” ਇਸ ਘਟਨਾ ਤੋਂ ਬਾਅਦ ਪੁਲੀਸ ਨੇ ਇਹ ਸੜਕ ਘੇਰ ਲਈ ਤੇ ਇਸ ਉੱਪਰ ਆਵਾਜਾਈ ਤੇ ਨਕਲੋ-ਹਰਕਤ ਬੰਦ ਕਰ ਦਿੱਤੀ ਜਦੋਂ ਕਿ ਜੰਗਲਾਤ ਅਧਿਕਾਰੀ ਉਸ ਰਿੱਛ ਦੀ ਭਾਲ ਕਰਦੇ ਰਹੇ। ਇਸ ਵਾਰਦਾਤ ਤੋਂ ਕੁੱਝ ਘੰਟੇ ਬਾਅਦ ਹੀ ਉਹ ਰਿੱਛ ਲੱਭ ਕੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਸੁੱਟਿਆ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਅਰਸੇ ਦੌਰਾਨ ਕਾਲੇ ਰਿੱਛਾਂ ਵੱਲੋਂ ਲੋਕਾਂ ਤੇ ਹਮਲੇ ਕਰਨ ਤੇ ਉਨ੍ਹਾਂ ਨੂੰ ਵੱਢ ਸੁੱਟਣ ਜਾਂ ਮਾਰ ਦੇਣ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ।