ਜਿਨਸੀ ਗੁਨਾਹ ਲਈ ਫੋਨੀ ਸੱਦੇ ਦੇਣ
ਵਾਲ਼ੇ ਮਾਹਟਰ ਜੀ ਕਸੂਤੇ ਫਸੇ
ਵੈਨਕੂਵਰ, ਬਖ਼ਸ਼ਿੰਦਰ
ਮਾਰਟਿਨ ਕੈਰੀਨ ਜਦੋਂ ਫੁਟਬਾਲ ਖਿਡਾਉਂਦਾ ਹੁੰਦਾ ਸੀ
ਇਸ ਸ਼ਹਿਰ ਦੇ ਐਬਟਸਫੋਰਡ ਇਲਾਕੇ ਵਿਚ ਰਹਿੰਦੇ ਤੇ ਐਬਟਸਫੋਰਡ ਦੇ ਹੀ ਸੇਂਟ ਜੀਨ ਬਰੀਬਿਊਫ ਰੀਜਨਲ ਸੈਕੰਡਰੀ ਸਕੂਲ ਵਿਚ ਫੁੱਟਬਾਲ ਦੇ ਕੋਚ ਅਤੇ ਅਧਿਆਪਕ ਰਹੇ ਇਕ ਵਿਅਕਤੀ ਨੂੰ, ਆਪਣੀ ਇਕ ਸ਼ਾਗਿਰਦ ਨੂੰ ਸੈੱਲ ਫੋਨ ਰਾਹੀਂ ਅਸ਼ਲੀਲ ਸੁਨੇਹੇ ਭੇਜਣ ਦਾ ਮੁਜਰਮ ਕਰਾਰ ਦਿੱਤਾ ਗਿਆ ਹੈ।
ਸੰਨ 2009 ਵਿਚ ਮਾਰਟਿਨ ਕੈਰੀਨ ਨਾਂ ਦੇ ਇਸ ਅਧਿਆਪਕ ਦੇ ਸਿਰ ਇਹ ਦੋਸ਼ ਲੱਗੇ ਸਨ ਕਿ ਉਹ ਉਸ ਵੇਲ਼ੇ 17 ਸਾਲਾਂ ਦੀ ਆਪਣੀ ਇਕ ਵਿਦਿਆਰਥਣ ਨੂੰ ਆਪਣੇ ਸੈੱਲ ਫੋਨ ਰਾਹੀਂ ਲਿਖਤੀ ਸੁਨੇਹੇ ਭੇਜ ਕੇ ਜਿਸਮਾਨੀ  ਗੁਨਾਹ ਕਰਨ ਨੂੰ ਉਕਸਾਉਂਦਾ ਹੁੰਦਾ ਸੀ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵੱਲੋਂ ਵੈਸਟਮਿਨਸਟਰ ਵਿਚ ਇਸ ਕੇਸ ਦੀ ਸੁਣਵਾਈ ਕਰਨ ਦੌਰਾਨ 51 ਸਾਲਾ ਕੈਰੀਨ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਸੀ। ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਮੁਲਜ਼ਮ ਨੇ ਆਪਣੀ ਇਸ ਸ਼ਗਿਰਦ, ਜਿਸ ਦੀ ਪਛਾਣ ਗੁਪਤ ਰੱਖੀ ਜਾ ਰਹੀ ਹੈ, ਨੂੰ ਕਈ ਵਾਰੀ ‘ਟੈਕਸਟ ਮੈਸੇਜ’ ਭੇਜੇ ਸਨ।
ਇਕ ਸੁਨੇਹੇ ਵਿਚ ਤਾਂ ਇਸ ਅਧਿਆਪਕ ਨੇ ਉਸ ਵਿਦਿਆਰਥਣ ਨੂੰ ਇਹ ਵੀ ਕਿਹਾ ਹੋਇਆ ਹੈ, “ਤੂੰ ਮੇਰੀ ਖਿੜਕੀ ਵਿਚ ਦੀ ਘਿਸੜ ਕੇ ਕਿਸੇ ਦਿਨ ਅੰਦਰ ਲੰਘ ਆ। ਮੈਂ ਜੋ ਤੂੰ ਕਹੇਂਗੀ, ਉਹੀ ਕਰ ਦਿਆਂਗਾ।” ਇਕ ਹੋਰ ਸੁਨੇਹੇ ਵਿਚ ਉਸ ਨੇ ਇਸ ਕੁੜੀ ਨੂੰ ਇਹ ਕਿਹਾ ਹੋਇਆ ਹੈ, “ਮੈਂ ਚਾਹੁੰਦਾ ਹਾਂ ਕਿ ਮੁਲਾਕਾਤ ਬਹੁਤ ਹੀ ਵਧੀਆ ਹੋਵੇ। ਕੋਈ ਫਸਟ ਕਲਾਸ ਜਿਹਾ ਹੋਟਲ ਹੋਵੇ, ਸ਼ੈਂਪੇਨ ਹੋਵੇ ਤੇ ਵਧੀਆ ਜਿਹਾ ਜਿਸਮਾਨੀ ਮੇਲਾ-ਗੇਲਾ ਹੋਵੇ।” ਅਦਾਲਤ ਵਿਚ ਪੇਸ਼ ਕੀਤੇ ਗਏ, ਉਸ ਦੇ ਬਾਕੀ ਸੁਨੇਹੇ ਹੋਰ ਵੀ ਬੇਹਯਾਈ ਤੇ ਅਸ਼ਲੀਲਤਾ ਭਰੇ ਸਨ।
ਸਮਾਜਕ ਅਧਿਐਨ ਦੇ ਅਧਿਆਪਕ ਅਤੇ ਫੁੱਟਬਾਲ ਦੇ ਕੋਚ ਕੈਰੀਨ ਦਾ ਕਹਿਣ ਹੈ ਕਿ ਉਸ ਨੇ ਇਸ ਤਰ੍ਹਾਂ ਸੁਨੇਹੇ ਨਹੀਂ ਭੇਜੇ।ਇਸ ਮਾਮਲੇ ਦੀ ਸੁਣਵਾਈ ਕਰਨ ਵਾਲ਼ੇ ਜੱਜ ਨੇ ਇਹ ਗੱਲ ਮੰਨੀ ਹੈ ਕਿ ਸਬੰਧਤ ਕੁੜੀ ਵੀ ਜੁਆਬੀ ਸੁਨੇਹੇ ਦਿੰਦੀ ਰਹੀ ਹੈ, ਪਰ ਉਨ੍ਹਾਂ ਦੋਹਾਂ ਵਿਚਾਲ਼ੇ ਜਿਸਮਾਨੀ ਸਬੰਧ ਨਹੀਂ ਬਣੇ।
ਸਬੰਧਤ ਸਕੂਲ ਦੇ ਸੁਪਰਿੰਟੈਂਡੈਂਟ ਲਾਅਸਨ ਡਾਊਗ ਦਾ ਕਹਿਣ ਹੈ ਕਿ ਸਕੂਲ ਦੇ ਪ੍ਰਬੰਧਕਾਂ ਨੇ ਕੈਰੀਨ ਨੂੰ ਉਦੋਂ ਹੀ ਤਨਖਾਹ ਤੋਂ ਬਗ਼ੈਰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ ਤੇ ਉਸ ਨੂੰ ਦੁਬਾਰਾ ਕੰਮ ’ਤੇ ਨਹੀਂ ਰੱਖਿਆ ਜਾਵੇਗਾ। ਕੈਰੀਨ ਨੂੰ ਕਿੰਨੀ ਸਜ਼ਾ ਮਿਲਦੀ ਹੈ, ਇਸ ਦਾ ਪਤਾ 18 ਜੁਲਾਈ ਨੂੰ ਹੋਣ ਵਾਲ਼ੀ ਉਸ ਦੀ ਅਗਲੀ ਪੇਸ਼ੀ ਵਿਚ ਲੱਗੇਗਾ।#