ਓਨਟਾਰੀਓ ਵਿਚ ਇਕ ਘਰ ਨੂੰ ਅੱਗ ਲੱਗਣ ਨਾਲ ਇਕ
ਔਰਤ ਤੇ ਉਸ ਦੇ ਦੋ ਬੱਚੇ ਸੜ ਮਰੇ ਅਤੇ ਕਈ ਝੁਲਸੇ
 ਦੋ ਬੱਚਿਆਂ ਨਾਲ ਸੜ ਮਰੀ 22 ਸਾਲਾ ਸਾਰਾਹ ਚੋਲੈੱਟ ਦੀ ਇਕ ਪੁਰਾਣੀ ਤਸਵੀਰ
ਬਖ਼ਸ਼ਿੰਦਰ
ਟੋਰਾਂਟੋ-ਪੂਰਬੀ ਓਨਟਾਰੀਓ ਦੇ ਸ਼ਹਿਰ ਅਲੈਗਜ਼ੈਂਡਰੀਆ ਦੇ ਇਕ ਘਰ ਵਿਚ, ਸ਼ੁੱਕਰਵਾਰ ਨੂੰ ਤੜਕੇ ਅੱਗ ਲੱਗ ਜਾਣ ਕਾਰਨ ਇਕ ਔਰਤ ਤੇ ਉਸ ਦੇ ਦੋ ਬੱਚੇ ਸੜ ਕੇ ਮਰ ਗਏ।
ਇਹ ਜਾਣਕਾਰੀ ਦਿੰਦਿਆਂ, ਪੁਲੀਸ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਬਾਪ ਤੇ ਇਕ ਹੋਰ ਬੱਚਾ ਬਹੁਤ ਬੁਰੀ ਤਰ੍ਹਾਂ ਸੜ ਕੇ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 22 ਸਾਲਾ ਮਾਂ ਸਾਰਾਹ ਚੋਲੈੱਟ ਅਤੇ ਉਸ ਦੀ ਤਿੰਨ ਸਾਲਾ ਧੀ ਚਲੋਏ ਅਤੇ ਨੌਂ ਮਹੀਨਿਆਂ ਦਾ ਪੁੱਤਰ ਜੈਕਬ ਸ਼ਾਮਲ ਹਨ।
ਸਾਰਾਹ ਦੇ ਸਹੁਰੇ ਰੋਨਾਲਡ ਡੈੱਸਜਾਰਡਿਨਜ਼ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ 26 ਸਾਲਾ ਪੁੱਤਰ ਮਾਰਟਿਨ ਦਾ ਪਿੰਡਾ 20 ਫੀ ਸਦੀ ਸੜਿਆ ਹੋਇਆ ਹੈ ਤੇ ਉਸ ਨੂੰ ਹਵਾਈ ਜਹਾਜ਼ ਰਾਹੀਂ ਟੋਰਾਂਟੋ ਦੇ ਸੰਨੀਬਰੂਕ ਹਸਪਤਾਲ ਪਹੁੰਚਾਇਆ ਗਿਆ ਹੈ। ਮਾਰਟਿਨ, ਸਨਿਚਰਵਾਰ ਨੂੰ ਵੀ ਬੇਹੋਸ਼ ਸੀ। ਮੈਕਸਿਮ ਨਾਂ ਦੇ ਇਕ ਹੋਰ 19 ਸਾਲਾ ਮੁੰਡੇ ਨੂੰ ਹਵਾਈ ਜਹਾਜ਼ ਰਾਹੀਂ, ਔਟਵਾ ਦੇ ਇਕ ਹਸਪਤਾਲ ਪਹੁੰਚਾਇਆ ਗਿਆ ਹੈ। ਉਸ ਦਾ ਜਿਸਮ ਤਕਰੀਬਨ ਅੱਧਾ ਸੜ ਚੁੱਕਾ ਹੈ। ਇਸ ਪਰਿਵਾਰ ਦੇ ਮੁਖੀ ਰੋਨਾਲਡ ਨੇ ਕਿਹਾ, “ਇਹ ਸਭ ਕੁੱਝ ਸੁਪਨੇ ਦੀ ਨਿਆਂਈਂ ਹੀ ਹੋਇਆ ਹੈ। ਭੈੜੇ ਸੁਪਨੇ ਵਾਂਗ। ਮੈਨੂੰ ਆਪਣੇ ਬਾਕੀ ਪਰਿਵਾਰ ਖਾਤਰ ਆਪਣਾ ਦਿਲ ਕਰਵਾ ਕਰਨਾ ਪਊ। ਫੇਰ ਵੀ ਇਹ ਕੰਮ ਸੌਖਾ ਨਹੀਂ। ਮੇਰੇ ਨਾਲ ਜਿਹੋ ਜਿਹੀ ਹੋਈ ਹੈ, ਹੋਰ ਕਿਸੇ ਨਾਲ ਨਾ ਹੋਵੇ।”
ਕੌਰਨਵਾਲ ਤੋਂ 50 ਕਿਲੋ ਮੀਟਰ ਉੱਤਰ ਵੱਲ ਅਲੈਗਜ਼ੈਂਡਰੀਆ ਦੀ ਬਾਊਂਡਰੀ ਰੋਡ ’ਤੇ ਸਥਿਤ ਇਸ ਘਰ ਵਿਚ ਲੱਗੀ ਹੋਈ ਅੱਗ ਬੁਝਾਉਣ ਲਈ ਅੱਗ ਬੁਝਾਊ ਅਮਲਾ ਤੜਕੇ ਢਾਈ ਪੁੱਜਿਆ। ਇਸ ਘਰ ਦੇ ਗੁਆਂਢੀਆਂ ਨੇ ਦੱਸਿੳਾ ਕਿ ਲੋਕਾਂ ਦੀਆਂ ਚੀਕਾਂ ਤੇ ਰੌਲ਼ਾ ਸੁਣ ਕੇ ਉਨ੍ਹਾਂ ਦੀਆਂ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਨ੍ਹਾਂ ਨੇ ਦੇਖਿਆ ਕਿ ਮਕਾਨ ਲਟ-ਲਟ ਬਲ ਰਿਹਾ ਹੈ ਤੇ ਕੁੱਝ ਲੋਕ ਖਿੜਕੀਆਂ ਵਿਚੋਂ ਬੱਚਿਆਂ ਸਮੇਤ ਛਾਲਾਂ ਮਾਰ ਰਹੇ ਹਨ। ਇਹ ਮਕਾਨ ਪੂਰੀ ਤਰ੍ਹਾਂ ਸੜ ਗਿਆ ਹੈ। ਇਸ ਇਲਾਕੇ ਵਿਚ ਪਿਛਲੇ ਦੋ ਸਾਲਾਂ ਵਿਚ ਅੱਗ ਲੱਗਣ ਦੀ ਇਹ ਦੂਜੀ ਵੱਡੀ ਘਟਨਾ ਹੈ।#