ਵੈਨਕੂਵਰ ਵਿਚ ਭੂਚਾਲ, ਨੁਕਸਾਨ ਤੋਂ ਬਚਾਅ
ਵੈਨਕੂਵਰ (ਬਖ਼ਸ਼ਿੰਦਰ)-ਵੈਨਕੂਵਰ ਟਾਪੂ ਦੇ ਉੱਤਰੀ-ਪੱਛਮੀ ਕੰਢੇ ’ਤੇ ਅੱਜ 6.4 ਦਰਜੇ ਦਾ ਭੁਚਾਲ ਆਇਆ, ਪਰ ਇਸ ਨਾਲ ਨਾ ਤਾਂ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਹੈ ਤੇ ਨਾ ਹੀ ਸਮੁੰਦਰ ਵਿਚ ਕੋਈ ਹਲਚਲ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪਹਿਲਾਂ ਆਈਆਂ ਸੂਚਨਾਵਾਂ ਅਨੁਸਾਰ ਭੁਚਾਲ ਦਾ ਆਕਾਰ 6.8 ਸੀ, ਪਰ ਬਾਅਦ ਵਿਚ ਕਿਹਾ ਗਿਆ ਕਿ ਇਸ ਦਾ ਆਕਾਰ 6.4 ਹੀ ਸੀ।ਫਰੇਜ਼ਰ ਵੈਲੀ ਤੋਂ ਕੈਂਪਬੈੱਲ ਰਿਵਰ ਤਕ ਦੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪੈਸਿਫਿਕ ਟਾਈਮ ਮੁਤਾਬਕ ਦੁਪਹਿਰੋਂ ਬਾਅਦ 12.41 ਵਜੇ ਕਈ ਮਿੰਟਾਂ ਤਕ ਇਮਾਰਤਾਂ ਵਿਚ ਹਿੱਲ-ਜੁਲ ਹੁੰਦੀ ਰਹੀ।
ਵੈਨਕੂਵਰ ਵਿਚ ਰਹਿੰਦੀ ਵੈਂਡੀ ਹੰਟਰ ਨਾਂ ਦੀ ਇਕ ਔਰਤ ਨੇ ‘ਸੀਬੀਸੀ’ ਨੂੰ ਭੇਜੀ ਇਕ ਈ-ਮੇਲ ਵਿਚ ਕਿਹਾ, “ਮੈਂ ਆਪਣੇ ਕੰਪਿਊਟਰ ਅੱਗੇ ਬੈਠੀ ਸਾਂ ਕਿ ਮੈਨੂੰ ਏਦਾਂ ਲੱਗਿਆ, ਜਿੱਦਾਂ ਮੈਨੂੰ ਚੱਕਰ ਜਿਹਾ ਆਇਆ ਹੋਵੇ। ਮੈਨੂੰ ਆਮ ਤੌਰ ’ਤੇ ਚੱਕਰ ਘੱਟ ਹੀ ਆਉਂਦੇ ਹਨ। ਜਦੋਂ ਮੈਂ ਉੱਠ ਕੇ ਖੜ੍ਹੀ ਹੋ ਗਈ ਤਾਂ ਮੈਂ ਕਈ ਚੀਜ਼ਾਂ ਹਿੱਲਦੀਆਂ ਦੇਖੀਆਂ। ਮੈਂ ਕਈ ਖਿੜਕੀਆਂ ਦੀ ਚਰਮਰਾਹਟ ਜਿਹੀ ਵੀ ਸੁਣੀ।” ਡਾਊਨ ਟਾਊਨ ਵਿਚ ਇਕ ਮੁਲਾਜ਼ਮ ਨੂੰ ਵੀ ਇਸੇ ਤਰ੍ਹਾਂ ਮਹਿਸੂਸ ਹੋਇਆ।
ਵਿਕਟੋਰੀਆ ਦੇ ‘ਪੈਸਿਫਿਕ ਜਿਓਸਾਇੰਸਿਜ਼ ਸੈਂਟਰ’ ਵਿਚ ਖੋਜ ਕਾਰਜ ਕਰਦੇ ਵਿਗਿਆਨੀ ਹੌਨ ਕਾਓ ਦਾ ਕਹਿਣ ਹੈ ਕਿ ਸਮੁੰਦਰੀ ਲਹਿਰਾਂ ਵਿਚ ਕੋਈ ਤੂਫਾਨੀ ਉਛਾਲ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਜ਼ਮੀਨ ਵਿਚ ਕੁੱਝ ਹੋਰ ਝਟਕੇ ਆ ਸਕਦੇ ਹਨ।#