ਕੈਨੇਡਾ ਵਿਚ ਵੀ ਬੇਰੁਜ਼ਗ਼ਾਰਾਂ ਦੇ ਮੇਲੇ ਲੱਗਣ ਲੱਗੇ
ਪੜ੍ਹੇ-ਲਿਖੇ ਕੈਨੇਡੀਅਨ ਵਿਦੇਸ਼ ਜਾਣ ਲੱਗੇ
ਰੁਜ਼ਗ਼ਾਰ ਦੀ ਭਾਲ਼ ਵਿਚ ਕਤਾਰ ਬਣਾਈ ਖੜ੍ਹੇ ਕੈਨੇਡੀਅਨਜ਼
                ਵੈਨਕੂਵਰ ਤੋਂ ਬਖ਼ਸ਼ਿੰਦਰ
 
‘ਕੈਨੇਡਾ ਵਿਚ ਬੇਰੁਜ਼ਗ਼ਾਰਾਂ ਦੀਆਂ ਹੇੜਾਂ ਫਿਰਨ ਲੱਗੀਆਂ’ ਇਸ ਖ਼ਬਰ ਦਾ ਸਿਰਲੇਖ ਇਹ ਵੀ ਹੋ ਸਕਦਾ ਸੀ ਕਿਉਂ ਕਿ ਟੋਰਾਂਟੋ ਤੋਂ ਵੀਰਵਾਰ ਨੂੰ ਇੱਥੇ ਪੁੱਜੇ ਇਕ ਆਦਮੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਜੋ ਕੁੱਝ ਦੱਸਿਆ ਹੈ, ਉਹ ਇਸ ਸਿਰਲੇਖ ਦੀ ਪੁਸ਼ਟੀ ਕਰਦਾ ਹੈ।
     ਟੋਰਾਂਟੋ ਦੇ ‘ਮੈਟਰੋ ਕਨਵੈਨਸ਼ਨ ਸੈਂਟਰ’ ਵਿਚ 27 ਤੇ 28 ਸਤੰਬਰ ਨੂੰ ਲੱਗਿਆ ‘ਨੈਸ਼ਨਲ ਜੌਬ ਫੇਅਰ ਐਂਡ ਟਰੇਨਿੰਗ ਐਕਸਪੋ’ ਦੇਖ ਕੇ ਆਏ ਇਸ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਸ ਮੇਲੇ ਵਿਚ ਦੋ ਹੀ ਰੰਗ ਭਾਰੂ ਸਨ। ਇਕ ਇਹ ਕਿ ਉੱਥੇ ਬੇਰੁਜ਼ਗ਼ਾਰਾਂ ਦੀਆਂ ‘ਹੇੜਾਂ’ ਫਿਰਦੀਆਂ ਸਨ ਤੇ ਦੂਜਾ ਇਹ ਕਿ ਉਨ੍ਹਾਂ ਸਾਰਿਆਂ ਦੇ ਚਿਹਰਿਆਂ ਉੱਤੇ ਨਿਰਾਸ਼ਾ ਨੇ ਆਲ੍ਹਣੇ ਪਾਏ ਲੱਗਦੇ ਸਨ। ਇਨ੍ਹਾਂ ਬੇਰੁਜ਼ਗ਼ਾਰਾਂ ਵਿਚ ਟਰੇਂਡ ਤੇ ਤਜਰਬਾਕਾਰ ਕਾਰੀਗਰ ਵੀ ਸਨ ਅਤੇ ਨਵੇਂ-ਨਵੇਂ, ਡਿਗਰੀਆਂ ਹਾਸਲ ਕਰ ਕੇ ਆਏ ਪਾਹੜੇ ਵੀ ਸਨ। ਇਨ੍ਹਾਂ ਵਿਚੋਂ ਕਈਆਂ ਨੂੰ ਤਾਂ ਕੰਮ ਲੱਭਦਿਆਂ ਨੂੰ ਕਈ-ਕਈ ਮਹੀਨੇ ਹੋ ਗਏ ਸਨ।ਇਨ੍ਹਾਂ ਨੂੰ ਕੰਮ ਨਾ ਮਿਲਣ ਦਾ ਕਾਰਨ ਇਹ ਸੀ ਕਿ ਇਕੋ ਕਿਸਮ ਦਾ ਕੰਮ ਕਰਨ ਵਾਲ਼ਿਆਂ ਦੀ ਗਿਣਤੀ ਜ਼ਿਆਦਾ ਸੀ ਤੇ ਬਹੁਤਿਆਂ ਕੋਲ ਲੋੜੀਂਦੀ ਯੋਗਤਾ ਵੀ ਨਹੀਂ ਸੀ।
     ਇਸ ਬੰਦੇ ਨੇ ਦੱਸਿਆ ਕਿ ਉਸ ਨੇ ਮੈਡੀਕਲ ਸੈਕ੍ਰੇਟਰੀ ਵਜੋਂ ਕੰਮ ਭਾਲਦੀ ਐਰੀਕਾ ਪਹਾਪਿਲ ਨਾਂ ਦੀ ਇਕ ਬੀਬੀ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੀ, “ਮੈਂ ਤਕਰੀਬਨ ਪੰਜ ਮਹੀਨਿਆਂ ਤੋਂ ਵਿਹਲੀ ਹਾਂ। ਮੈਨੂੰ ਕੰਮ ਦੀ ਬਹੁਤ ਲੋੜ ਹੈ। ਮੈਂ ਇੱਥੇ ਇਹ ਸੋਚ ਕੇ ਆਈ ਸੀ ਮੈਨੂੰ ਤਾਂ ਕੰਪਨੀਆਂ ਹੱਥੋ-ਹੱਥੀ ਲੈ ਜਾਣਗੀਆਂ ਤੇ ਮੈਂ ਸੋਚਦੀ ਸਾਂ ਕਿ ਅੱਜ ਕੰਮ ਹਾਸਲ ਕਰ ਕੇ ਹੀ ਇੱਥੋਂ ਜਾਵਾਂਗੀ।”
     ਕੰਮ ਦੀ ਭਾਲ਼ ਵਿਚ ਆਇਆਂ ਵਿਚ ਸੀਨ ਫੋਰਬੈੱਸ ਨਾਂ ਦਾ ਇਕ ਨਿਊਕਲੀਅਰ ਇੰਜੀਨੀਅਰ ਵੀ ਸੀ। ਉਸ ਨੇ ਅਪ੍ਰੈਲ ਵਿਚ ਹੀ ਡਿਗਰੀ ਹਾਸਲ ਕੀਤੀ ਸੀ। ਉਸ ਨੇ ਕਿਹਾ ਕਿ ਉਸ ਨੂੰ ਕੈਨੇਡਾ ਵਿਚ ਕੰਮ ਮਿਲਣੋਂ ਰਿਹਾ ਤੇ ਹੁਣ ਉਹ ਕਿਸੇ ਹੋਰ ਮੁਲਕ ਵਿਚ ਕੰਮ ਲੱਭੇਗਾ। ਉਸ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਉਹ ਕੋਈ ਵੀ ਕੰਮ ਕਰ ਲਵੇਗਾ। ਕਈਆਂ ਨੂੰ ਕੰਮ ਨਹੀਂ ਲੱਭਿਆ, ਕਈਆਂ ਨੂੰ ਕੰਮ ਦੀ ਪੇਸ਼ਕਸ਼ ਤਾਂ ਹੋਈ, ਪਰ ਉਨ੍ਹਾਂ ਨੂੰ ਉਹ ਕੰਮ ਕਰਨ ਲਈ ਆਪਣਾ ਘਰ ਛੱਡ ਕੇ ਹੋਰ ਸੂਬਿਆਂ ਵਿਚ ਜਾਣਾ ਪੈਂਦਾ ਸੀ। #