ਵਾਲ ਸਟਰੀਟ ਦੇ ਮੁਜ਼ਾਹਰਿਆਂ ਦਾ ਸੇਕ
ਕੈਨੇਡਾ ਦੇ ਸ਼ਹਿਰਾਂ ਵਿਚ ਪੁੱਜਣਾ ਸ਼ੁਰੂ
ਵੈਨਕੂਵਰ ਵਿਚ ਨਕਾਬ ਪਾ ਕੇ ਮੁਜ਼ਾਹਰਾ ਕਰਦਾ ਇਕ ਕੈਨੇਡੀਅਨ
ਬਖ਼ਸ਼ਿੰਦਰ
ਵੈਨਕੂਵਰ-ਨਿਊ ਯਾਰਕ ਵਿਚ ਮਨਹੱਟਨ ਦੀਆਂ ਠੰਢੀਆਂ ਸੜਕਾਂ ਉੱਤੇ ਹਜ਼ਾਰਾਂ ਲੋਕਾਂ ਵੱਲੋਂ ਵਿੱਢੀ ਹੋਈ ਮੁਜ਼ਾਹਰਿਆਂ ਦੀ ਲਹਿਰ ਹੁਣ ਅਮਰੀਕਾ ਦੇ ਹੋਰ ਸ਼ਹਿਰਾਂ ਵਿਚ ਫੈਲ ਜਾਣ ਮਗਰੋਂ ਉੱਤਰੀ ਅਮਰੀਕਾ ਯਾਨੀ ਕੈਨੇਡਾ ਵੱਲ ਵਧਣੀ ਸ਼ੁਰੂ ਹੋ ਗਈ ਹੈ। ਅਸਲ ਵਿਚ ਇਸ ਲਹਿਰ ਦਾ ਮੁੱਢ, ਉੱਤਰੀ ਅਮਰੀਕਾ ਵਿਚ ਹੀ ਬੱਝਿਆ ਸੀ।
      ਇੱਥੋਂ ਛਪਦੇ ਪਰਚੇ ‘ਐਡਬੱਸਟਰਜ਼’ ਨੇ ਆਪਣੇ ਜੁਲਾਈ ਦੇ ਅੰਕ ਵਿਚ ਕੈਨੇਡਾ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਘੱਟ ਤੋਂ ਘੱਟ 20 ਹਜ਼ਾਰ ਦੀ ਗਿਣਤੀ ਵਿਚ, ਮਿਸ਼ਰ ਦੇ ਲੋਕਾਂ ਵੱਲੋਂ ਤਹਿਰੀਰ ਚੌਕ ਘੇਰਨ ਦੀ ਤਰਜ਼ ’ਤੇ ਨਿਊ ਯਾਰਕ ਦੀ ਵਾਲ ਸਟਰੀਟ ਘੇਰਨ ਲਈ ਨਿਊ ਯਾਰਕ ਪੁੱਜਣ। ਹੁਣ 17 ਸਤੰਬਰ ਤੋਂ ਹਜ਼ਾਰਾਂ ਲੋਕ, ਵਾਲ ਸਟਰੀਟ ਤੌਂ ਥੋੜ੍ਹੀ ਹੀ ਦੂਰ ਜ਼ੂਕੋਟੀ ਚੌਕ ਵਿਚ ਡੇਰਾ ਲਾਈ ਬੈਠੇ ਹਨ। ‘ਔਕੂਪਾਈ ਮੂਵਮੈਂਟ’ ਯਾਨੀ ਕਬਜ਼ਾ ਲਹਿਰ ਸਦਾਉਂਦੀ ਇਸ ਲਹਿਰ ਦਾ ਮੁੱਢ ਇੱਥੇ ਹੀ ਬੱਝਿਆ ਸੀ। ਵਾਲ ਸਟਰੀਟ ਵਿਚ ਮੁਜ਼ਾਹਿਰੇ ਕਰਨ ਦੀ ਤਰਜ਼ ਉੱਤੇ ਕੈਨੇਡਾ ਵਿਚ ਟੋਰਾਂਟੋ, ਵੈਨਕੂਵਰ, ਕੈਲਗਰੀ, ਵਿੰਨੀਪੈੱਗ, ਮੌਂਟਰੀਅਲ, ਕਿਊਬੈੱਕ ਸਿਟੀ ਵਿਚ ਵੀ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਹਨ।
     ਇਹ ਲਹਿਰ ਜ਼ੋਰ ਜ਼ਰੂਰ ਫੜਦੀ ਜਾ ਰਹੀ ਹੈ, ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਮੁਜ਼ਾਹਰੇ ਕਰਨ ਵਾਲ਼ੇ ਲੋਕ ਚਾਹੁੰਦੇ ਕੀ ਹਨ। ‘ਕੂਈਨਜ਼ ਯੂਨੀਵਰਸਿਟੀ, ਕਿੰਗਸਟਨ’ (ਓਨਟੋਰੀਓ) ਦੇ ਸਿਆਸੀ ਵਿਗਿਆਨ ਸ਼ਾਸਤਰ ਵਿਭਾਗ ਦੀ ‘ਪੋਸਟਡੌਕਟਰਲ ਫੈਲੋ’ ਐਡਰੀਅਨ ਰੌਬਰਟਸ, ਜਿਸ ਨੇ ਸੰਨ 2008 ਦੇ ਮੰਦੇ ਤੋਂ ਜਹਾਨ ਭਰ ਦੇ ਅਰਥਚਾਰੇ ਨੂੰ ਹੰਗਾਲ-ਹੰਗਾਲ ਕੇ ਉਸ ਦਾ ਅਧਿਐਨ ਕੀਤਾ ਹੋਇਆ ਹੈ, ਦਾ ਕਹਿਣ ਹੈ, “ਇਸ ਲਹਿਰ ਬਾਰੇ ਵੱਡੀ ਹੈਰਾਨੀ ਵਾਲ਼ੀ ਗੱਲ ਇਹ ਹੈ ਕਿ ਇਸ ਦੀ ਸ਼ੁਰੂਆਤ ਹੋਣ ਨੂੰ ਬਹੁਤ ਲੰਬਾ ਸਮਾਂ ਲੱਗਿਆ ਹੈ।”
     ਇਸ ਬੀਬੀ ਨੇ ਇਹ ਵੀ ਕਿਹਾ, “ਇਨ੍ਹਾਂ ਲੋਕਾਂ ਨੂੰ ਸਰਕਾਰ ਅਤੇ ਵੱਡੇ ਵਪਾਰਕ ਘਰਾਣਿਆਂ ਵਿਰੁੱਧ ਰੋਸ ਜ਼ਾਹਰ ਕਰਦਿਆਂ ਪੂਰੇ ਤਿੰਨ ਸਾਲ ਲੱਗ ਗਏ, ਪਰ ਹੁਣ ਤਕ ਕੋਈ ਸਾਂਝੀ ਠੋਸ ਕਾਰਵਾਈ ਨਹੀਂ ਹੋ ਸਕੀ ਸੀ। ਇਸ ਲਈ ਹੁਣ ਤਕ ਦਾ ਅਚੰਭਾ ਇਹ ਹੀ ਹੈ ਕਿ ਇਸ ਦੀ ਸ਼ੁਰੂਆਤ ਕਰਨ ਲਈ ਪੂਰੇ ਤਿੰਨ ਸਾਲ ਲੱਗ ਗਏ।”
     ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਉੱਚ ਅਧਿਕਾਰੀਆਂ ਸਮੇਤ ਸਮਾਜ ਦੇ ਹਰ ਵਰਗ ਉੱਤੇ ਅਸਰ ਪਾਇਆ ਹੈ। ‘ਬੈਂਕ ਆਫ ਕੈਨੇਡਾ’ ਦੇ ਗਵਰਨਰ ਮਾਰਕ ਕਾਰਨੀ ਨੇ ਪੱਤਰਕਾਰ ਪੀਟਰ ਮੈਨਜ਼ਬ੍ਰਿਜ ਨੂੰ ਦਿੱਤੇ ਇਕ ਇੰਟਰਵਿਊ ਵਿਚ ਇਹ ਕਬੂਲ ਕੀਤਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਮੁਜ਼ਾਹਰਾਕਾਰੀਆਂ ਦੇ ਦ੍ਰਿਸ਼ਟੀਕੋਣ ਨਾਲ ਹਮਦਰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ, “ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਲੋਕ, ਖ਼ਾਸ ਤੌਰ ’ਤੇ ਅਮਰੀਕੀ ਲੋਕ ਨਿਰਾਸ਼ ਹਨ। ਆਰਥਕ ਨਾਬਰਾਬਰੀ ਵਧੀ ਹੈ। ਇਹ ਮਾਲੀ ਸੰਕਟ ਆਉਣ ਤੋਂ ਪਹਿਲਾਂ ਦੀ ਵਧੀ ਹੋਈ ਹੈ, ਜਿਸ ਦੇ ਵਧਣ ਦੀ ਵਜ੍ਹਾ ਮੰਦਾ ਨਹੀਂ ਹੈ, ਸਗੋਂ ਇਸ ਦੇ ਵਧਣ ਦੀ ਵਜ੍ਹਾ ਸੰਸਾਰੀਕਰਣ ਹੈ, ਤਕਨਾਲੋਜੀ ਹੈ।” #
ਅਮਰੀਕਾ ਵਿਚ ‘ਕਬਜ਼ਾ ਲਹਿਰ’ ਅਧੀਨ ਕੀਤੇ ਜਾ ਰਹੇ ਮੁਜ਼ਾਹਰਿਆਂ ਦੀ ਲੜੀ ਵਿਚ ਮੁਜ਼ਾਹਰਾ ਕਰਦਾ ਇਕ ਮੁਜ਼ਾਹਰਾਕਾਰੀ