ਕੈਨੇਡਾ ਨੰਬਰ ਬਾਰਾਂ
ਜਹਾਨ ਦੇ ਦਸ ਮਜ਼ਬੂਤ ਅਰਥਚਾਰਿਆਂ ਦੀ
ਸੂਚੀ ਵਿਚੋਂ ਕੈਨੇਡਾ ਦਾ ਨਾਂ ਕੱਟਿਆ ਗਿਆ
ਏਸ਼ੀਆਈ ਮੁਲਕਾਂ ਨੇ ਆਪਣੀ ਹਾਲਤ ਕਾਫੀ ਸੁਧਾਰੀ
ਬਖ਼ਸ਼ਿੰਦਰ  
ਵੈਨਕੂਵਰ-ਰਾਇਲ ਬੈਂਕ ਆਫ ਕੈਨੇਡਾ ਭਾਵੇਂ ਲੱਖ ਟਾਹਰਾਂ ਮਾਰੀ ਜਾਵੇ ਕਿ ਇਸ ਸਾਲ ਦੌਰਾਨ ਉਸ ਨੇ 24 ਫੀ ਸਦੀ ਹੋ ਪਸਾਰਾ ਕਰ ਜਾਣਾ ਹੈ, ਪਰ ਕੈਨੇਡਾ ਦਾ ਅਰਥਚਾਰਾ, ਜਹਾਨ ਦੇ ਦਸ ਮਜ਼ਬੂਤ ਅਰਥਚਾਰਿਆਂ ਦੀ ਗਿਣਤੀ ਵਿਚ ਕਿਤੇ ਨਹੀਂ ਖੜ੍ਹਦਾ। ਇਹ ਜਾਣਕਾਰੀ, ਇਸ ਬੈਂਕ ਦੇ ਕਿਸੇ ਦੋਖੀ ਤੋਂ ਚਾਹ-ਪਾਣੀ ਪੀ ਕੇ ਨਹੀਂ ਦਿੱਤੀ ਜਾ ਰਹੀ, ਸਗੋਂ ‘ਵਰਲਡ ਇਕਾਨੋਮਿਕ ਫੋਰਮ’ ਵੱਲੋਂ ਬੁੱਧਵਾਰ ਨੂੰ ਪੇਸ਼ ਕੀਤੀ, ਆਪਣੀ ਰਿਪੋਰਟ ਵਿਚ ਦਿੱਤੇ ਗਏ ਅੰਕੜਿਆਂ ਦੇ ਅਧਾਰ ’ਤੇ ਦਿੱਤੀ ਗਈ ਹੈ। ਇਸ ਅਦਾਰੇ ਹੀ ਦੱਸਿਆ ਹੈ ਕਿ ਐਤਕੀਂ ਦਸ ਸ਼ਕਤੀਸ਼ਾਲੀ ਅਰਥਚਾਰਿਆਂ ਦੀ ਸੂਚੀ ਵਿਚ ਏਸ਼ੀਆਈ ਮੁਲਕਾਂ ਦੀ ਸਰਦਾਰੀ ਰਹੀ ਹੈ।
    ਇਸ ਫੋਰਮ ਵੱਲੋਂ 142 ਮੁਲਕਾਂ ਦੇ ਆਧਾਰ ’ਤੇ ਸਾਲ 2011 ਲਈ ਕੀਤੇ ਗਏ ਇਕ ਸਰਵੇਖਣ ਅਨੁਸਾਰ, ਇਸ ਵਾਰ ਕੈਨੇਡਾ ਨੂੰ 12ਵਾਂ ਸਥਾਨ ਹਾਸਲ ਹੋਇਆ ਹੈ। ਕੈਨੇਡਾ ਵਲੋਂ ਸਾਲ 2009 ਦੌਰਾਨ ਇਸ ਸੂਚੀ ਵਿਚ 9ਵਾਂ ਸਥਾਨ ਹਾਸਲ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਲਗਾਤਾਰ ਤਿੰਨ ਸਾਲਾਂ ਤੋਂ ਇਸ ਸੂਚੀ ਵਿਚ ਹੇਠਾਂ ਤਿਲ੍ਹਕਦਾ ਜਾ ਰਿਹਾ ਹੈ। ਇਹ ਰਿਪੋਰਟ ਤਿਆਰ ਕਰਨ ਵਿਚ ਹੱਥ ਵਟਾਉਂਦੇ ਰਹੇ ਅਦਾਰੇ ‘ਕਾਨਫ਼ਰੰਸ ਬੋਰਡ ਆਫ ਕੈਨੇਡਾ’ ਦੀ ਰਾਇ ਹੈ ਕਿ ਉੱਭਰ ਰਹੇ ਅਰਥਚਾਰੇ, ਖ਼ਾਸ ਤੌਰ ’ਤੇ ਏਸ਼ੀਆ, ਰਵਾਇਤਨ ‘ਅਮੀਰ’ ਤੇ ‘ਗ਼ਰੀਬ’ ਮੁਲਕਾਂ ਵਿਚਾਲੇ ਪਾੜਾ ਘਟਾਈ ਜਾ ਰਹੇ ਹਨ ਕਿਉਂ ਕਿ ਵਿਸ਼ਵ ਦੇ ਸਭ ਤੋਂ ਅੱਗੇ ਵਧੇ ਹੋਏ ਅਰਥਚਾਰੇ ਜਾਮ ਹੋ ਚੁੱਕੇ ਹਨ।
    ‘ਇਕਾਨੋਮਿਕ ਫੋਰਮ’ ਦੇ ਐਗਜ਼ੀਕਿਊਟਿਵ ਚੇਅਰਮੈਨ ਕਲੌਸ ਸਕਵਾਬ ਦਾ ਕਹਿਣ ਹੈ, “ਬਹੁਤ ਸਾਰੇਔਕੇ ਸਾਲਾਂ ਤੋਂ ਬਾਅਦ ਮਾਲੀ ਸੰਕਟ ਤੋਂ ਟੁੱਟਵਾਂ-ਟੁੱਟਵਾਂ ਜਿਹਾ ਛੁਟਕਾਰਾ ਤਾਂ ਮਿਲ ਰਿਹਾ ਹੈ, ਇਹ ਵੱਖਰੀ ਗੱਲ ਹੈ ਕਿ ਕਿਸੇ ਮੁਲਕ ਨੂੰ ਇਹ ਕਿੰਨਾ ਮਿਲ ਰਿਹਾ ਹੈ ਤੇ ਕਿਸੇ ਨੂੰ ਕਿੰਨਾ।” ਉਨ੍ਹਾਂ ਨੇ ਇਹ ਵੀ ਕਿਹਾ, “ਵਿਕਾਸਸ਼ੀਲ ਮੁਲਕਾਂ ਵਿਚੋਂ ਬਹੁਤ ਸਾਰੇ ਮੁਕਾਬਲਤਨ ਕਾਫੀ ਮਜ਼ਬੂਤੀ ਨਾਲ ਵਿਕਾਸ ਕਰ ਰਹੇ ਹਨ ਜਦੋਂ ਕਿ ਬਹੁਤ ਸਾਰੇ ਵਿਕਸਤ ਦੇਸ਼ਾਂ ਵਿਚ ਵਿਕਾਸ ਦੀ ਤੋਰ ਮੱਠੀ ਹੈ, ਬੇਰੁਜ਼ਗ਼ਾਰੀ ਵਧੀ ਜਾ ਰਹੀ ਹੈ, ਮਾਲੀ ਨਿਘਾਰ ਜਾਰੀ ਹੈ ਅਤੇ ਹਾਲਤ ਸੁਧਰਨ ਲਈ ਸੁਖਾਵਾਂ ਮਾਹੌਲ ਬਣਦਾ ਨਹੀਂ ਦਿਸਦਾ।”
    ਇਹ ਵਿਕਾਸਸ਼ੀਲ ਸੰਸਾਰ ਵਿਚ ਆਈ ਖੜੋਤ ਦੇ ਸੰਕੇਤ ਹੀ ਹਨ ਕਿ ਅਮਰੀਕਾ ਵਰਗਾ ਮੁਲਕ ਇਸ ਸਰਵੇਖਣ ਵਿਚ ਚੌਥੇ ਤੋਂ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦੋਂ ਕਿ ਸਾਲ 2009 ਵਿਚ ਇਹ ਅੱਵਲ ਦਰਜੇ ’ਤੇ ਸੀ। ਹੁਣ ਸਵਿਟਜ਼ਰਲੈਂਡ ਅੱਵਲ ਹੈ।ਇਸ ਰਿਪੋਰਟ ਅਨੁਸਾਰ ਕੈਨੇਡਾ ਦੀ ਹਾਲਤ ਵਿਚ ਮਾਮੂਲੀ ਸੁਧਾਰ ਹੋਇਆ ਹੈ। ਇਸ ਰਿਪੋਰਟ ਅਨੁਸਾਰ, ਕੈਨੇਡਾ ਦੀ ਮੁਕਾਬਲਤਨ ਕਾਰਗੁਗ਼ਾਰੀ ਚੰਗੀ ਨਹੀਂ ਰਹੀ। ਇਸ ਦੌੜ ਵਿਚ ਕੈਨੇਡਾ ਦੇ ਪੱਛੜਣ ਦਾ ਕਾਰਨ ਹੋਰ ਮੁਲਕਾਂ, ਖ਼ਾਸ ਤੌਰ ’ਤੇ ਯੂ. ਕੇ. ਤੇ ਹਾਂਗਕਾਂਗ ਵੱਲੋਂ ਆਪਣੀ ਕਾਰਗੁਜ਼ਾਰੀ ਸੁਧਾਰਨਾ ਵੀ ਹੈ। ਇਹ ਰਿਪੋਰਟ ਹੀ ਦੱਸਦੀ ਹੈ ਕਿ ਕੈਨੇਡਾ, ਸਿੱਧੀ ਵਿਦੇਸ਼ੀ ਸਰਮਾਇਆਕਾਰੀ ਦੇ ਮਾਮਲੇ ਵਿਚ ਮਾਰ ਖਾ ਰਿਹਾ ਹੈ। ਇਸ ਦੇ ਨਾਲ ਹੀ ਇਹ ਮੁਲਕ ਵਪਾਰਕ ਪੱਖ ਤੋਂ ਵੀ ਖੋਰੇ ਦਾ ਸ਼ਿਕਾਰ ਹੈ।
     ਕੈਨੇਡਾ ਨੇ ਸਿੱਕੇ ਦੇ ਪਸਾਰ ਨੂੰ ਕਾਬੂ ਹੇਠ ਰੱਖਣ ਅਤੇ ਕਰਜ਼ਾ ਦਰਾਂ ਬਰਕਰਾਰ ਰੱਖਣ ਵਿਚ ਪੂਰੇ ਨੰਬਰ ਹਾਸਲ ਕੀਤੇ ਹਨ, ਪਰ ਉਸ ਦੀਆਂ ਇਹ ਪ੍ਰਾਪਤੀਆਂ, ਇਸ ਵਲੋਂ ਸਮੁੱਚੀਆਂ ਕੌਮੀ ਬੱਚਤਾਂ ਵਿਚ 80ਵੇਂ ਤੇ ਸਮੁੱਚੇ ਸਰਕਾਰੀ ਕਰਜ਼ੇ ਦੇ ਮਾਮਲੇ ਵਿਚ 129ਵੇਂ ਸਥਾਨ ’ਤੇ ਰਹਿਣ ਕਾਰਨ ਆਪਣਾ ਅਸਰ ਗੁਆ ਬੈਠੀਆਂ ਹਨ। ਇਸ ਦਰਜਾਬੰਦੀ ਵਿਚ ਸਵਿਟਜ਼ਰਲੈਂਡ ਨੇ ਪਹਿਲਾ, ਸਿੰਗਾਪੁਰ ਨੇ ਦੂਜਾ, ਸਵੀਡਨ ਨੇ ਤੀਜਾ, ਫਿਨਲੈਂਡ ਨੇ ਚੌਥਾ, ਅਮਰੀਕਾ ਨੇ ਪੰਜਵਾਂ, ਜਰਮਨੀ ਨੇ ਛੇਵਾਂ, ਨੀਦਰਲੈਂਡਜ਼ ਨੇ ਸੱਤਵਾਂ, ਡੈਨਮਾਰਕ ਨੇ ਅੱਠਵਾਂ, ਜਾਪਾਨ ਨੇ ਨੌਵਾਂ  ਅਤੇ ਯੂਨਾਈਟਿਡ ਕਿੰਗਡਮ ਨੇ ਦਸਵਾਂ ਸਥਾਨ ਹਾਸਲ ਕੀਤਾ ਹੈ।#